ਪੰਜਾਬ ਕਾਂਗਰਸ ਦੇ ਲੀਡਰ ''ਤੇ ਫ਼ਾਇਰਿੰਗ ਮਾਮਲੇ ''ਚ ਨਵਾਂ ਮੋੜ! ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਲਈ ਜ਼ਿੰਮੇਵਾਰੀ
Wednesday, Dec 24, 2025 - 06:56 PM (IST)
ਮੋਗਾ (ਕਸ਼ਿਸ਼/ਗੋਪੀ): ਸੀਨੀਅਰ ਕਾਂਗਰਸੀ ਆਗੂ ਅਤੇ ਤਿੰਨ ਵਾਰ ਕੌਂਸਲਰ ਰਹੇ ਨਰਿੰਦਰਪਾਲ ਸਿੰਘ ਸਿੱਧੂ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਇਕ ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ 'ਸੁਖਦੇਵ ਸਿੰਘ ਸੇਬੂ' ਦੇ ਨਾਂ ਤੋ ਇਕ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਮੁਲਜ਼ਮ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ 'ਜਗ ਬਾਣੀ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤੇ ਇਹ ਮਾਮਲੇ ਪੁਲਸ ਜਾਂਚ ਦਾ ਵਿਸ਼ਾ ਹੈ।

ਦੂਜੇ ਪਾਸੇ ਇਸ ਮਾਮਲੇ ਵਿਚ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਸਾਜ਼ਿਸ਼ਕਰਤਾਵਾਂ ਦੀ ਪਛਾਣ ਕਰ ਲਈ ਹੈ। ਮੋਗਾ ਦੇ ਐੱਸ.ਐੱਸ.ਪੀ. ਅਜੇ ਗਾਂਧੀ ਨੇ ਪੁਸ਼ਟੀ ਕੀਤੀ ਹੈ ਕਿ ਪੁਲਸ ਨੇ ਇਸ ਵਾਰਦਾਤ ਵਿਚ ਸ਼ਾਮਲ ਦੋਵਾਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਪੁਲਸ ਅਨੁਸਾਰ, ਇਸ ਸਾਜ਼ਿਸ਼ ਦੇ ਮੁੱਖ ਘਾੜੇ ਦੋ ਸਕੇ ਭਰਾ—ਸੁਖਦੇਵ ਸਿੰਘ ਉਰਫ਼ ਸੇਬੂ ਅਤੇ ਜਗਮੋਹਨ ਸਿੰਘ (ਪੁੱਤਰ ਸੰਤੋਖ ਸਿੰਘ) ਹਨ। ਇਨ੍ਹਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ।
SSP ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਦਾ ਦਾਅਵਾ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
