ਹਾਰ ਦੇ ਬਾਵਜੂਦ ਕਾਂਗਰਸ ਨੂੰ ਮਾਝੇ ਤੇ ਦੋਆਬੇ ''ਚੋਂ ਮਿਲੇ ਚੰਗੇ ਸੰਕੇਤ!
Thursday, Dec 18, 2025 - 05:12 PM (IST)
ਚੰਡੀਗੜ੍ਹ: ਪੰਜਾਬ ਵਿਚ ਹਾਲ ਹੀ ਵਿਚ ਸੰਪੰਨ ਹੋਈਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੋਂ ਬਹੁਤ ਪਿੱਛੇ ਰਹਿੰਦਿਆਂ ਦੂਜੇ ਸਥਾਨ 'ਤੇ ਰਹੀ। ਬੁੱਧਵਾਰ ਨੂੰ ਐਲਾਨੇ ਗਏ ਨਤੀਜਿਆਂ ਵਿਚ ਕਾਂਗਰਸ ਵੱਡੇ ਫਰਕ ਨਾਲ ਪਛੜ ਗਈ। CM ਮਾਨ ਤੇ ਅਰਵਿੰਦ ਕੇਜਰੀਵਾਲ ਮੁਤਾਬਕ 70 ਫ਼ੀਸਦੀ ਤੋਂ ਵੱਧ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ।
ਹਾਲਾਂਕਿ ਚੋਣਾਂ ਵਿਚ ਹਾਰ ਦੇ ਬਾਵਜੂਦ ਕਾਂਗਰਸ ਦੇ ਪ੍ਰਦਰਸ਼ਨ ਨੇ ਦੋਆਬੇ ਅਤੇ ਮਾਝੇ ਦੇ ਕੁਝ ਇਲਾਕਿਆਂ ਨੇ ਪਾਰਟੀ ਦੇ ਮੁੜ ਸੁਰਜੀਤੀ ਦੇ ਸੰਕੇਤ ਦਿੱਤੇ ਹਨ। ਉੱਥੇ ਹੀ ਮਾਲਵੇ ਖੇਤਰ ਵਿਚ ਪਾਰਟੀ ਦਾ ਪ੍ਰਦਰਸ਼ਨ ਜ਼ਿਆਦਾ ਖ਼ਾਸ ਨਹੀਂ ਰਿਹਾ। ਚਮਕੌਰ ਸਾਹਿਬ ਵਿਚ ਕਾਂਗਰਸ ਨੇ 15 ਬਲਾਕ ਸੰਮਤੀ ਸੀਟਾਂ ਵਿਚੋਂ 13 ਵਿਚ ਬੜ੍ਹਤ ਬਣਾਈ ਅਤੇ ਸਾਰੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤ ਲਈਆਂ। ਇਸ ਤੋਂ ਇਲਾਵਾ, ਰਾਜਪੁਰਾ ਬਲਾਕ ਸੰਮਤੀ, ਜਿਸ ਵਿਚ 15 ਜ਼ੋਨ ਹਨ, ਵਿਚ ਕਾਂਗਰਸ ਨੇ 8 ਸੀਟਾਂ ਜਿੱਤੀਆਂ। ਸੰਗਰੂਰ ਜ਼ਿਲ੍ਹੇ ਵਿਚ ਵੀ ਕਾਂਗਰਸ ਨੇ 162 ਬਲਾਕ ਸੰਮਤੀ ਜ਼ੋਨਾਂ ਵਿਚੋਂ 35 ਵਿਚ ਅਗਵਾਈ ਕਰਕੇ ਰਿਕਵਰੀ ਦੇ ਸੰਕੇਤ ਦਿਖਾਏ ਹਨ, ਕਿਉਂਕਿ ਇਸ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਵੀ ਸੰਗਰੂਰ ਨੂੰ ਆਪਣੀ ਸਿਆਸੀ ਰਾਜਧਾਨੀ ਮੰਨਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਪ੍ਰਦਰਸ਼ਨ 'ਤੇ ਸੰਤੁਸ਼ਟੀ ਪ੍ਰਗਟਾਈ ਹੈ।
ਹਾਲਾਂਕਿ ਕਾਂਗਰਸ ਦਾ ਇਹ ਪ੍ਰਦਰਸ਼ਨ ਪਿਛਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਬਹੁਤ ਖ਼ਰਾਬ ਹੈ। 2018 ਦੀਆਂ ਚੋਣਾਂ ਵਿਚ ਕਾਂਗਰਸ ਨੇ ਕੁੱਲ 2,351 ਪੰਚਾਇਤ ਸੰਮਤੀ ਸੀਟਾਂ ਜਿੱਤੀਆਂ ਸਨ, ਜੋ ਕੁੱਲ ਸੀਟਾਂ ਦਾ ਲਗਭਗ 88 ਫ਼ੀਸਦੀ ਸੀ। ਇਸ ਦੇ ਉਲਟ 2013 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਨੇ 454 ਸੀਟਾਂ ਜਿੱਤੀਆਂ ਸਨ।
