ਕੈਨੇਡਾ ਨੇ ਬਦਲੇ ਨਿਯਮ, ਪੱਕੇ ਤੌਰ ''ਤੇ ਜਾ ਸਕਣਗੇ ਇੰਨੀ ਉਮਰ ਦੇ ਬੱਚੇ

10/30/2017 10:53:51 AM

ਟੋਰਾਂਟੋ— ਕੈਨੇਡਾ ਸਰਕਾਰ ਨੇ ਹਾਲ ਹੀ 'ਚ ਆਪਣੇ ਨਿਯਮਾਂ 'ਚ ਬਦਲਾਅ ਕਰਦੇ ਹੋਏ ਮਾਪਿਆਂ ਨਾਲ ਜਾਣ ਵਾਲੇ ਬੱਚਿਆਂ ਦੀ ਉਮਰ ਹੱਦ ਨੂੰ 19 ਤੋਂ ਵਧਾ ਕੇ 21 ਸਾਲ ਕਰ ਦਿੱਤਾ ਹੈ। ਹੁਣ 21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ 'ਤੇ ਕੈਨੇਡਾ ਜਾ ਸਕਣਗੇ। ਇਨ੍ਹਾਂ ਨਿਯਮਾਂ ਮੁਤਾਬਕ 24 ਅਕਤੂਬਰ ਤੋਂ ਅਪਲਾਈ ਕਰਨਾ ਸੰਭਵ ਹੋ ਚੁੱਕਾ ਹੈ। ਬੱਚਿਆਂ ਦੀ ਉਮਰ ਵਧਾਉਣ ਨਾਲ ਵਧੇਰੇ ਪਰਿਵਾਰ ਇਕੱਠੇ ਰਹਿ ਸਕਣਗੇ।


ਕੈਨੇਡਾ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਕ ਨਿਰਭਰ ਬੱਚੇ ਦੀ ਵੱਧ ਤੋਂ ਵੱਧ ਉਮਰ 19 ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇਗੀ ਅਤੇ ਇਹ ਤਬਦੀਲੀ 24 ਅਕਤੂਬਰ 2017 ਤੋਂ ਲਾਗੂ ਹੋਵੇਗੀ, ਨਾਲ ਹੀ ਸਾਰੇ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਨਵੀਆਂ ਅਰਜ਼ੀਆਂ 'ਤੇ ਲਾਗੂ ਹੋਵੇਗੀ। ਆਰਥਿਕ ਪ੍ਰਵਾਸ ਤੋਂ ਬਾਅਦ ਪਰਿਵਾਰਕ ਪ੍ਰਵਾਸ ਕੈਨੇਡੀਅਨ ਇਮੀਗ੍ਰੇਸ਼ਨ ਦੀ ਦੂਜੀ ਵੱਡੀ ਸ਼੍ਰੇਣੀ ਹੈ। ਆਰਥਿਕ ਪ੍ਰਵਾਸ 'ਚ ਆਮ ਤੌਰ 'ਤੇ ਇਕ ਪ੍ਰਮੁੱਖ ਬਿਨੈਕਾਰ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰ ਦੇ ਮੈਂਬਰ ਸ਼ਾਮਲ ਹੁੰਦੇ ਹਨ।

PunjabKesari
ਲਿਬਰਲ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਇਕ ਕੈਟੇਗਰੀ ਵਿਚ ਨਿਰਭਰ ਬੱਚਿਆਂ ਦੀ ਉਮਰ ਦੀ ਪਰਿਭਾਸ਼ਾ ਬਦਲੀ ਗਈ ਹੈ ਜਿਸ ਦਾ ਭਾਵ ਹੈ ਕਿ ਉਮਰ ਦਾ 22ਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਮਾਪਿਆਂ ਦੀ ਅਰਜ਼ੀ ਵਿਚ ਬੱਚੇ ਸ਼ਾਮਿਲ ਕੀਤੇ ਜਾ ਸਕਦੇ ਹਨ ਪਰ ਕਿਸੇ ਸਰੀਰਕ ਅਪੰਗਤਾ ਕਾਰਨ ਇਸ ਤੋਂ ਵੱਡੀ ਉਮਰ ਦੇ ਬੱਚੇ ਵੀ ਨਿਰਭਰ ਸਮਝੇ ਜਾਣਗੇ। ਇਹ ਵੀ ਕਿ ਜਿਹੜੇ ਲੋਕਾਂ ਨੇ 3 ਮਈ 2017 ਤੋਂ ਬਾਅਦ ਅਪਲਾਈ ਕੀਤਾ ਪਰ ਬੱਚਿਆਂ ਦੀ ਉਮਰ 19 ਸਾਲ ਤੋਂ ਵੱਧ (ਪੁਰਾਣਾ ਕਾਨੂੰਨ) ਹੋਣ ਕਾਰਨ ਅਰਜ਼ੀ ਵਿਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਸਨ, ਉਨ੍ਹਾਂ ਨੂੰ ਹੁਣ ਇਕ ਵੱਖਰਾ ਫਾਰਮ ਭਰ ਕੇ ਸ਼ਾਮਲ ਕੀਤਾ ਜਾ ਸਕਦਾ ਹੈ।  ਸ਼ਰਤ ਇਹ ਹੈ ਕਿ ਉਦੋਂ ਅਪਲਾਈ ਕਰਨ ਵੇਲੇ (3 ਮਈ ਤੋਂ 23 ਅਕਤੂਬਰ 2017 ਤੱਕ) ਅਜਿਹੇ ਬੱਚਿਆਂ ਦੀ ਉਮਰ 19 ਤੋਂ 21 ਸਾਲਾਂ ਦਰਮਿਆਨ ਹੋਣੀ ਚਾਹੀਦੀ ਹੈ। ਮਾਪਿਆਂ ਦੀ ਅਰਜ਼ੀ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਿਰਭਰ ਬੱਚਿਆਂ ਬਾਰੇ ਇਕ ਪੱਕੀ ਸ਼ਰਤ ਇਹ ਵੀ ਹੈ ਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੋਣਾ ਚਾਹੀਦਾ।


Related News