IPL ਦੇ ‘ਇੰਪੈਕਟ ਖਿਡਾਰੀ’ ਨਿਯਮ ਨਾਲ ਭਾਰਤੀ ਹਰਫਨਮੌਲਾਵਾਂ ਦੇ ਵਿਕਾਸ ’ਤੇ ਲੱਗੇਗੀ ਰੋਕ : ਰੋਹਿਤ

Thursday, Apr 18, 2024 - 07:18 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਆਈ. ਪੀ. ਐੱਲ. ਦੇ ‘ਇੰਪੈਕਟ ਖਿਡਾਰੀ’ ਨਿਯਮ ਦਾ ਪ੍ਰਸ਼ੰਸਕ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਇਸ ਨਾਲ ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੁਬੇ ਵਰਗੇ ਕ੍ਰਿਕਟਰ ਗੇਂਦਬਾਜ਼ੀ ’ਚ ਆਪਣਾ ਹੁਨਰ ਨਹੀਂ ਦਿਖਾ ਸਕਣਗੇ ਅਤੇ ਦੇਸ਼ ’ਚ ਹਰਫਨਮੌਲਾਵਾਂ ਦੇ ਵਿਕਾਸ ’ਚ ਰੁਕਾਵਟ ਪੈਦਾ ਹੋਵੇਗੀ। ‘ਇੰਪੈਕਟ ਖਿਡਾਰੀ’ ਦਾ ਨਿਯਮ 2023 ਸੈਸ਼ਨ ਤੋਂ ਲਾਗੂ ਕੀਤਾ ਗਿਆ ਜਿਸ ’ਚ ਸਾਰੀਆਂ ਟੀਮਾਂ ਇਕ ਖਿਡਾਰੀ (ਬੱਲੇਬਾਜ਼ ਜਾਂ ਗੇਂਦਬਾਜ਼) ਦੀ ਜਗ੍ਹਾ ਸਬਸੀਚਿਊਟ ਖਿਡਾਰੀ ਨੂੰ ਉਤਾਰ ਸਕਦੇ ਹਨ।

ਰੋਹਿਤ ਨੇ ਮਾਈਕਲ ਵਾਨ ਅਤੇ ਐਡਮ ਗਿਲਕ੍ਰਿਸਟ ਦੇ ਯੂ-ਟਿਊਬ ਸ਼ੋ ‘ਕਲੱਬ ਪ੍ਰੇਅਰੀ ਫਾਇਰ’ ’ਤੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਹਰਫਨਮੌਲਾਵਾਂ ਦੇ ਵਿਕਾਸ ’ਚ ਰੁਕਾਵਟ ਪੈਦਾ ਹੋਵੇਗੀ। ਉਸ ਨੇ ਕਿਹਾ ਕਿ ਕ੍ਰਿਕਟ 11 ਖਿਡਾਰੀਆਂ ਨਾਲ ਖੇਡੀ ਜਾਂਦੀ ਹੈ, 12 ਨਾਲ ਨਹੀਂ। ਮੈਂ ਇੰਪੈਕਟ ਖਿਡਾਰੀ ਦੇ ਨਿਯਮ ਦਾ ਮੁਰੀਦ ਨਹੀਂ ਹਾਂ। ਥੋੜੇ ਜਿਹੇ ਮਨੋਰੰਜਨ ਲਈ ਕ੍ਰਿਕਟ ਤੋਂ ਬਹੁਤ ਕੁਝ ਖੋਹਿਆ ਜਾ ਰਿਹਾ ਹੈ। ਮੈਂ ਕਈ ਉਦਾਹਰਨਾਂ ਦੇ ਸਕਦਾ ਹਾਂ। ਭਾਰਤੀ ਟੀਮ ਲਈ ਇਹ ਠੀਕ ਨਹੀਂ ਹੈ। ਪਤਾ ਨਹੀਂ ਇਸ ਦੇ ਬਾਰੇ ’ਚ ਕੀ ਕਰ ਸਕਦੇ ਹਾਂ ਪਰ ਇਸ ਦਾ ਪ੍ਰਸ਼ੰਸਕ ਨਹੀਂ ਹਾਂ।

ਰੋਹਿਤ ਨੇ ਕਿਹਾ ਕਿ ਇਹ ਮਨੋਰੰਜਕ ਹੈ ਕਿਉਂਕਿ 12 ਖਿਡਾਰੀ ਮੈਦਾਨ ’ਤੇ ਉਤਰ ਸਕਦੇ ਹਨ। ਤੁਸੀਂ ਵਾਧੂ ਬੱਲੇਬਾਜ਼ ਜਾਂ ਗੇਂਦਬਾਜ਼ ਉਤਾਰ ਸਕਦੇ ਹੋ। ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਵਿਚਾਲੇ ਰੋਹਿਤ ਨੇ ਕਿਹਾ ਕਿ ਉਸ ਨੇ ਕੋਚ ਰਾਹੁਲ ਦ੍ਰਾਵਿੜ ਅਤੇ ਮੁੱਖ ਚੋਣਕਰਤਾ ਅਜਿਤ ਅਗਰਕਰ ਨਾਲ ਮੁਲਾਕਾਤ ਕੀਤੀ ਹੈ। ਉਸ ਨੇ ਇਨ੍ਹਾਂ ਖਬਰਾਂ ਨੂੰ ‘ਫੇਕ ਨਿਊਜ਼’ ਦੱਸਦੇ ਹੋਏ ਕਿਹਾ ਕਿ ਮੈਂ ਕਿਸੇ ਨਾਲ ਨਹੀਂ ਮਿਲਿਆ ਹਾਂ। ਅਜਿਤ ਦੁਬਈ ’ਚ ਗੋਲਫ ਖੇਡ ਰਿਹਾ ਹੈ। ਰਾਹੁਲ ਭਾਈ ਮੁੰਬਈ ਵਿਚ ਆਪਣੇ ਬੱਚਿਆਂ ਨਾਲ ਖੇਡਦਾ ਦਿਸ ਰਿਹਾ ਹੈ। ਜੇਕਰ ਕੈਮਰੇ ’ਤੇ ਤੁਸੀਂ ਮੈਨੂੰ, ਰਾਹੁਲ, ਅਜਿਤ ਜਾਂ ਬੀ. ਸੀ. ਸੀ. ਆਈ. ਵਿਚ ਕਿਸੇ ਨੂੰ ਗੱਲ ਕਰਦੇ ਨਹੀਂ ਦੇਖਿਆ ਤਾਂ ਇਹ ਸਭ ‘ਫੇਕ’ ਹੈ।


Tarsem Singh

Content Editor

Related News