ਬਜ਼ੁਰਗ ਉਮਰ ਵਧ ਜਾਣ ਕਾਰਨ ਨਹੀਂ ਕਰਵਾਉਂਦੇ ਆਪਣਾ ਇਲਾਜ

Sunday, May 12, 2024 - 04:20 AM (IST)

ਬਜ਼ੁਰਗ ਉਮਰ ਵਧ ਜਾਣ ਕਾਰਨ ਨਹੀਂ ਕਰਵਾਉਂਦੇ ਆਪਣਾ ਇਲਾਜ

ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ‘ਏਜਵੈੱਲ’ ਵੱਲੋਂ 10,000 ਬਜ਼ੁਰਗਾਂ ’ਤੇ ਕੀਤੇ ਗਏ ਸਰਵੇਖਣ ’ਤੇ ਆਧਾਰਿਤ ਇਕ ਨਵੀਂ ਅਧਿਐਨ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੇ ਲੱਗਭਗ 48.6 ਫੀਸਦੀ ਬਜ਼ੁਰਗ ਅਤੇ ਪਿੰਡਾਂ ਵਿਚ ਰਹਿਣ ਵਾਲੇ ਲੱਗਭਗ 62.4 ਫੀਸਦੀ ਬਜ਼ੁਰਗ ਆਪਣੀ ਵਧਦੀ ਉਮਰ, ਆਦਤਾਂ, ਆਰਥਿਕ ਤੰਗੀ ਆਦਿ ਕਾਰਨ ਨਿਯਮਿਤ ਤੌਰ ’ਤੇ ਡਾਕਟਰਾਂ ਕੋਲ ਨਹੀਂ ਜਾਂਦੇ।

ਸੰਗਠਨ ਨੇ ਸਰਵੇਖਣ ਦੌਰਾਨ ਕੁਝ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਦੀਆਂ ਮਿਸਾਲਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਵਿਚ 10 ਸਾਲਾਂ ਤੋਂ ਗਠੀਏ ਤੋਂ ਪੀੜਤ 78 ਸਾਲਾ ਆਗਰਾ ਨਿਵਾਸੀ ਇਕ ਬਜ਼ੁਰਗ ਨੇ ਕਿਹਾ ਕਿ ਨਿਯਮਿਤ ਡਾਕਟਰੀ ਜਾਂਚ ਲਈ ਹਸਪਤਾਲਾਂ ਵਿਚ ਜਾਣਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਅਤੇ ਔਖਾ ਲੱਗਦਾ ਹੈ। ਇਸ ਲਈ ਉਹ ਆਮ ਤੌਰ ’ਤੇ ਜ਼ਰੂਰੀ ਡਾਕਟਰੀ ਇਲਾਜ ਦਾ ਪ੍ਰੋਗਰਾਮ ਰੱਦ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਇਸੇ ਤਰ੍ਹਾਂ ਸਰਵੇਖਣ ਵਿਚ ਸ਼ਾਮਲ ਇਕ ਹੋਰ 72 ਸਾਲਾ ਬਜ਼ੁਰਗ ਨੇ ਇਕ ਵੱਖਰੀ ਹੀ ਤਰ੍ਹਾਂ ਦੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਕਿਉਂਕਿ ਉਹ ਰਿਟਾਇਰਮੈਂਟ ਪਿੱਛੋਂ ਮਿਲਣ ਵਾਲੀ ਪੈਨਸ਼ਨ ਦੀ ਰਕਮ ’ਤੇ ਹੀ ਪੂਰੀ ਤਰ੍ਹਾਂ ਨਿਰਭਰ ਹਨ, ਇਸ ਲਈ ਉਸ ਰਕਮ ਨੂੰ ਆਪਣੀ ਸਿਹਤ ਸਬੰਧੀ ਸਮੱਸਿਆਵਾਂ ’ਤੇ ਖਰਚ ਕਰਨਾ ਉਨ੍ਹਾਂ ਨੂੰ ਔਖਾ ਲੱਗਦਾ ਹੈ।

ਵਰਣਨਯੋਗ ਹੈ ਕਿ ਕਈ ਵਾਰ ਬਜ਼ੁਰਗ ਸਾਧਨ ਸੰਪੰਨ ਹੋਣ ਦੇ ਬਾਵਜੂਦ ਆਪਣੀ ਸਿਹਤ ਪ੍ਰਤੀ ਲਾਪ੍ਰਵਾਹੀ ਦੀ ਆਦਤ ਕਾਰਨ ਵੀ ਆਪਣਾ ਇਲਾਜ ਨਹੀਂ ਕਰਵਾਉਂਦੇ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਰਹਿੰਦਾ ਹੈ।

ਮਿਸਾਲ ਵਜੋਂ, ਦੰਦ ਟੁੱਟ ਜਾਣ ’ਤੇ ਭੋਜਨ ਠੀਕ ਤਰ੍ਹਾਂ ਨਾਲ ਨਾ ਪਚਣ ਕਾਰਨ ਉਨ੍ਹਾਂ ਨੂੰ ਪੇਟ ਦੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ। ਨਜ਼ਰ ਕਮਜ਼ੋਰ ਹੋ ਜਾਣ ’ਤੇ ਐਨਕ ਨਾ ਲਗਵਾਉਣ ਕਾਰਨ ਡਿੱਗਣ, ਕਿਸੇ ਵਿਚ ਵੱਜਣ ਜਾਂ ਸੜਕ ’ਤੇ ਚੱਲਣ ਸਮੇਂ ਹਾਦਸਾਗ੍ਰਸਤ ਹੋਣ ਦਾ ਡਰ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਠੀਕ ਤਰ੍ਹਾਂ ਸੁਣਾਈ ਨਾ ਦੇਣ ’ਤੇ ਵੀ ਸਮੱਸਿਆ ਪੈਦਾ ਹੁੰਦੀ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਬਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਵਿਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਦੇਖਣ ’ਤੇ ਉਨ੍ਹਾਂ ਨੂੰ ਉਸਦਾ ਇਲਾਜ ਕਰਵਾਉਣ ਲਈ ਮਜਬੂਰ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਦਾ ਇਲਾਜ ਕਰਵਾਉਣ। ਅਜਿਹਾ ਕਰਨ ਨਾਲ ਜਿਥੇ ਉਹ ਆਪਣੀ ਜ਼ਿੰਦਗੀ ਦੀ ਸ਼ਾਮ ਸੁੱਖ ਨਾਲ ਬਿਤਾ ਸਕਣਗੇ, ਉਥੇ ਹੀ ਬੱਚੇ ਵੀ ਉਨ੍ਹਾਂ ਨੂੰ ਖੁਸ਼ ਦੇਖ ਕੇ ਆਨੰਦ ਮਹਿਸੂਸ ਕਰਨਗੇ।

-ਵਿਜੇ ਕੁਮਾਰ


author

Harpreet SIngh

Content Editor

Related News