IPL ’ਚ ਪ੍ਰਯੋਗ ਦੇ ਤੌਰ ’ਤੇ ਲਾਗੂ ਕੀਤਾ ਗਿਆ ਇੰਪੈਕਟ ਪਲੇਅਰ ਦਾ ਨਿਯਮ, ਦੁਬਾਰਾ ਵਿਚਾਰ ਸੰਭਵ : ਜੈ ਸ਼ਾਹ

Saturday, May 11, 2024 - 10:35 AM (IST)

ਮੁੰਬਈ– ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਆਈ. ਪੀ. ਐੱਲ. ਵਿਚ ਇੰਪੈਕਟ ਪਲੇਅਰ ਦਾ ਨਿਯਮ ਪ੍ਰਯੋਗ ਦੇ ਤੌਰ ’ਤੇ ਲਾਗੂ ਕੀਤਾ ਗਿਆ ਸੀ ਤੇ ਸਾਰੇ ਸ਼ੇਅਰਹੋਲਡਰ ਚਾਹੁਣਗੇ ਤਾਂ ਇਸ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਇੰਪੈਕਟ ਪਲੇਅਰ ਦੇ ਨਿਯਮ ਕਾਰਨ ਇਸ ਵਾਰ ਆਈ. ਪੀ.ਐੱਲ. ਵਿਚ 8 ਵਾਰ 250 ਤੋਂ ਵੱਧ ਦਾ ਸਕੋਰ ਬਣਿਆ ਹੈ। ਖਿਡਾਰੀਆਂ, ਕੋਚਾਂ ਤੇ ਮਾਹਿਰਾਂ ਨੇ ਵੀ ਕਿਹਾ ਹੈ ਕਿ ਗੇਂਦਬਾਜ਼ਾਂ ’ਤੇ ਇਸ ਨਿਯਮ ਦਾ ਉਲਟ ਅਸਰ ਪੈ ਰਿਹਾ ਹੈ ਕਿਉਂਕਿ ਇਸ ਨਾਲ ਟੀਮਾਂ ਨੂੰ ਵਾਧੂ ਬੱਲੇਬਾਜ਼ ਮਿਲ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਆਲਰਾਊਂਡਰਾਂ ਨੂੰ ਇਸ ਨਿਯਮ ਦੀ ਵਜ੍ਹਾ ਨਾਲ ਗੇਂਦਬਾਜ਼ੀ ਦੇ ਮੌਕੇ ਨਹੀਂ ਮਿਲ ਰਹੇ।
ਸ਼ਾਹ ਨੇ ਇੱਥੇ ਕਿਹਾ,‘‘ਇੰਪੈਕਟ ਪਲੇਅਰ ਦਾ ਨਿਯਮ ਪ੍ਰਯੋਗ ਦੇ ਤੌਰ ’ਤੇ ਲਾਗੂ ਕੀਤਾ ਗਿਆ ਸੀ। ਵੈਸੇ ਇਸ ਨਾਲ ਦੋ ਭਾਰਤੀ ਖਿਡਾਰੀਆਂ ਨੂੰ ਖੇਡਣ ਦਾ ਵਾਧੂ ਮੌਕਾ ਮਿਲ ਰਿਹਾ ਹੈ। ਕੀ ਇਹ ਮਹੱਤਵਪੂਰਨ ਨਹੀਂ ਹੈ। ਖੇਡ ਵੀ ਹੋਰ ਮੁਕਾਬਲੇ ਵਾਲੀ ਹੋ ਰਹੀ ਹੈ।’’
ਸ਼ਾਹ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਸਾਰੇ ਪੱਖ ਮਿਲ ਕੇ ਇਸ ’ਤੇ ਗੱਲ ਕਰਨਗੇ। ਉਸ ਨੇ ਕਿਹਾ, ‘‘ਖਿਡਾਰੀਆਂ ਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ ਤਾਂ ਅਸੀਂ ਇਸ ’ਤੇ ਗੱਲ ਕਰਾਂਗੇ। ਅਜੇ ਤਕ ਕਿਸੇ ਨੇ ਅਜਿਹਾ ਕੁਝ ਨਹੀਂ ਕਿਹਾ ਹੈ। ਆਈ. ਪੀ. ਐੱਲ. ਤੇ ਵਿਸ਼ਵ ਕੱਪ ਤੋਂ ਬਾਅਦ ਮੀਟਿੰਗ ਵਿਚ ਤੈਅ ਕੀਤਾ ਜਾਵੇਗਾ।’
ਉਸ ਨੇ ਕਿਹਾ,‘‘ਵਿਸ਼ਵ ਕੱਪ ਤੋਂ ਬਾਅਦ ਅਸੀਂ ਖਿਡਾਰੀਆਂ, ਟੀਮਾਂ ਤੇ ਪ੍ਰਸਾਰਕਾਂ ਨਾਲ ਮਿਲ ਕੇ ਭਵਿੱਖ ਦੇ ਬਾਰੇ ਵਿਚ ਫੈਸਲਾ ਲਵਾਂਗੇ। ਇਹ ਸਥਾਈ ਨਿਯਮ ਨਹੀਂ ਹੈ ਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਅਸੀਂ ਇਸ ਨੂੰ ਖਤਮ ਕਰ ਦੇਵਾਂਗੇ।’’
ਖਿਡਾਰੀਆਂ ਨੂੰ ਆਰਾਮ ਦੀ ਕੀ ਲੋੜ?
ਸ਼ਾਹ ਨੇ ਇਹ ਵੀ ਕਿਹਾ ਕਿ ਟੀ-20 ਵਿਸ਼ਵ ਕੱਪ ਖੇਡਣ ਜਾ ਰਹੇ ਭਾਰਤੀ ਆਈ. ਪੀ. ਐੱਲ. ਖਿਡਾਰੀਆਂ ਨੂੰ ਆਰਾਮ ਦੀ ਲੋੜ ਨਹੀਂ ਹੈ ਕਿਉਂਕਿ ਮੁਕਾਬਲੇਬਾਜ਼ੀ ਹੀ ਸਰਵਸ੍ਰੇਸ਼ਠ ਤਿਆਰੀ ਹੁੰਦੀ ਹੈ। ਉਸ ਨੇ ਕਿਹਾ,‘‘ਆਰਾਮ ਦੀ ਕੀ ਲੋੜ ਹੈ। ਇਹ ਅਭਿਆਸ ਸੈਸ਼ਨ ਦੀ ਤਰ੍ਹਾਂ ਹੈ। ਇਸ ਤੋਂ ਬਿਹਤਰ ਤਿਆਰੀ ਕੀ ਹੋ ਸਕਦੀ ਹੈ। ਤੁਹਾਡੇ ਸਾਹਮਣੇ ਬਿਹਤਰੀਨ ਟੀਮ ਹੈ, ਜਿਸ ਵਿਚ ਇਕ ਗੇਂਦਬਾਜ਼ ਨਿਊਜ਼ੀਲੈਂਡ ਦਾ, ਇਕ ਆਸਟ੍ਰੇਲੀਆ ਦਾ, ਇਕ ਸ਼੍ਰੀਲੰਕਾ ਦਾ ਹੈ। ਜੇਕਰ ਅਸੀਂ ਇਕ ਗੇਂਦਬਾਜ਼ ਨੂੰ ਆਰਾਮ ਦਿੰਦੇ ਹਾਂ ਤਾਂ ਉਸ ਨੂੰ ਟ੍ਰੈਵਿਸ ਹੈੱਡ ਨੂੰ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲੇਗਾ। ਜਦੋਂ ਜਸਪ੍ਰੀਤ ਬੁਮਰਾਹ ਉਸ ਨੂੰ ਗੇਂਦਬਾਜ਼ੀ ਕਰੇਗਾ ਤਾਂ ਹੀ ਸਮਝ ਵਿਚ ਆਵੇਗਾ ਕਿ ਉਸ ਨੂੰ ਕਿਵੇਂ ਗੇਂਦ ਕਰਨੀ ਹੈ।’’
ਸ਼ਾਹ ਨੇ ਇਹ ਵੀ ਕਿਹਾ ਕਿ ਬੋਰਡ ਦਾ ਫੋਕਸ ਮਹਿਲਾ ਕ੍ਰਿਕਟ ਨੂੰ ਬੜ੍ਹਾਵਾ ਦੇਣ ਲਈ ਮੈਚਾਂ ਦੀ ਗਿਣਤੀ ਵਧਾਉਣ ’ਤੇ ਵੀ ਹੈ। ਉਸ ਨੇ ਕਿਹਾ, ‘‘ਮਹਿਲਾ ਕ੍ਰਿਕਟ ਦਾ ਖਿਆਲ ਵੀ ਪੁਰਸ਼ ਕ੍ਰਿਕਟ ਦੀ ਤਰ੍ਹਾਂ ਰੱਖਿਆ ਜਾ ਰਿਹਾ ਹੈ। ਬੰਗਲਾਦੇਸ਼ ’ਚ ਵਿਸ਼ਵ ਕੱਪ ਹੋਣਾ ਹੈ ਤੇ ਅਸੀਂ ਦੋ-ਪੱਖੀ ਲੜੀਆਂ ਵੀ ਖੇਡ ਰਹੇ ਹਾਂ।’’
ਈਸ਼ਾਨ ਤੇ ਅਈਅਰ ਨੂੰ ਕੇਂਦਰੀ ਕਰਾਰ ’ਚੋਂ ਬਾਹਰ ਰੱਖਣ ਦਾ ਫੈਸਲਾ ਅਗਰਕਰ ਦਾ
ਸ਼ਾਹ ਨੇ ਕਿਹਾ ਕਿ ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੂੰ ਕੇਂਦਰੀ ਕਰਾਰ ਦੀ ਸੂਚੀ ਵਿਚੋਂ ਬਾਹਰ ਰੱਖਣ ਦਾ ਫੈਸਲਾ ਮੁੱਖ ਚੋਣਕਾਰ ਅਜਿਤ ਅਗਰਕਰ ਦਾ ਸੀ। ਬੀ. ਸੀ. ਸੀ. ਆਈ. ਤੋਂ ਨਿਰਦੇਸ਼ ਮਿਲਣ ਦੇ ਬਾਵਜੂਦ ਘਰੇਲੂ ਟੂਰਨਾਮੈਂਟ ਨਾ ਖੇਡਣ ’ਤੇ ਈਸ਼ਾਨ ਤੇ ਅਈਅਰ ਨੂੰ ਕਰਾਰਬੱਧ ਖਿਡਾਰੀਆਂ ਦੀ ਲਿਸਟ ਵਿਚੋਂ ਬਾਹਰ ਰੱਖਿਆ ਗਿਆ। ਈਸ਼ਾਨ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਲੰਬੀ ਬ੍ਰੇਕ ’ਤੇ ਚਲਾ ਗਿਆ ਸੀ ਤੇ ਆਈ. ਪੀ. ਐੱਲ. ਵਿਚ ਹੀ ਪਰਤਿਆ। ਉੱਥੇ ਹੀ, ਅਈਅਰ ਨੇ ਰਣਜੀ ਟਰਾਫੀ ਵਿਚ ਸੈਮੀਫਾਈਨਲ ਤੇ ਫਾਈਨਲ ਸਮੇਤ ਮੁੰਬਈ ਲਈ ਕੁਝ ਮੈਚ ਖੇਡੇ।


Aarti dhillon

Content Editor

Related News