ਅਫਗਾਨਿਸਤਾਨ : ਹਮਲੇ 'ਚ 5 ਲੋਕਾਂ ਦੀ ਮੌਤ, ਜਾਪਾਨੀ ਡਾਕਟਰ ਜ਼ਖਮੀ
Wednesday, Dec 04, 2019 - 03:13 PM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਵਿਚ ਪੂਰਬੀ ਸੂਬੇ ਦੇ ਨਾਂਗਰਹਾਰ ਵਿਚ ਜਲਾਲਾਬਾਦ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਇਕ ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜਾਪਾਨ ਦਾ ਇਕ ਮੈਡੀਕਲ ਸਹਾਇਕ ਜ਼ਖਮੀ ਹੋ ਗਿਆ। ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਮਨੁੱਖੀ ਮਦਦ ਸਮੂਹ ਇੱਥੇ ਹਾਈ ਐਲਰਟ 'ਤੇ ਚੱਲ ਰਹੇ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਲਈ ਮਦਦ ਕਰਮੀ ਦੇ ਰੂਪ ਵਿਚ ਕੰਮ ਕਰ ਰਹੇ ਇਕ ਅਮਰੀਕੀ ਵਿਅਕਤੀ ਦੀ ਕਾਬੁਲ ਵਿਚ ਹੋਏ ਹਮਲੇ ਵਿਚ ਮੌਤ ਹੋ ਗਈ ਸੀ।
'ਪੀਸ ਜਾਪਾਨ ਮੈਡੀਕਲ ਸਰਵਿਸ' ਦੀ ਅਗਵਾਈ ਕਰਨ ਵਾਲੇ ਡਾਕਟਰ ਤੇਤਸੁ ਨਾਕਾਮੁਰਾ ਨੂੰ ਹਮਲਾਵਰਾਂ ਨੇ ਜਲਾਲਾਬਾਦ ਵਿਚ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਗੱਡੀ ਵਿਚ ਬੈਠੇ ਸਨ। ਨਾਂਗਰਹਾਰ ਦੇ ਰਾਜਪਾਲ ਦੇ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਕਿਹਾ,''ਡਾਕਟਰ ਨਾਕਾਮੁਰਾ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦੇ ਤਿੰਨ ਸੁਰੱਖਿਆ ਗਾਰਡ, ਡਰਾਈਵਰ ਅਤੇ ਇਕ ਹੋਰ ਸਾਥੀ ਦੀ ਮੌਤ ਹੋ ਗਈ।'' ਭਾਵੇਂਕਿ ਹਾਲੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।