ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?

Monday, Aug 23, 2021 - 08:02 PM (IST)

ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?

 ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ’ਚੋਂ ਨਿਕਲਣਾ ਚਾਹੁੰਦੇ ਹਨ ਅਤੇ ਇਥੋਂ ਨਿਕਲਣ ਲਈ ਏਅਰਪੋਰਟ ਹੀ ਇਕੋ-ਇਕ ਰਸਤਾ ਬਚਿਆ ਹੈ। ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ’ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਹਨ। ਜਹਾਜ਼ ’ਚ ਸਵਾਰ ਹੋਣ ਲਈ ਮਾਰਾਮਾਰੀ ਹੋ ਰਹੀ ਹੈ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਵੱਡੀ ਗਿਣਤੀ ’ਚ ਲੋਕ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਿਸ ਨੇ 20 ਸਾਲ ਬਾਅਦ ਤਾਲਿਬਾਨ ਨਾਲ ਕਰਾਰ ਕਰ ਕੇ ਆਪਣੀ ਫੌਜ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ। ਇਸ ਸਭ ਵਿਚਾਲੇ ਇਹ ਸਵਾਲ ਉੱਠਦਾ ਹੈ ਕਿ ਆਖਿਰ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਦਾ ਫੈਸਲਾ ਕਿਉਂ ਕੀਤਾ? ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਅਮਰੀਕਾ ਨੇ ਦੋਹਾ ਸਮਝੌਤੇ ਅਧੀਨ ਤਾਲਿਬਾਨ ਨਾਲ ਡੀਲ ਕਾਰਨ ਅਮਰੀਕਾ ਨੇ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ?

ਇਹ ਵੀ ਪੜ੍ਹੋ :  ਅਫਗਾਨਿਸਤਾਨ ਸੰਕਟ : ਸੁਰੱਖਿਅਤ ਭਾਰਤ ਪਰਤੀ ਅਫ਼ਗਾਨ ਸੈਨੇਟਰ, ਕਿਹਾ-ਪ੍ਰਧਾਨ ਮੰਤਰੀ ਦਾ ਧੰਨਵਾਦ

ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕਰਨ ਲਈ ਅਕਤੂਬਰ 2001 ’ਚ ਅਫਗਾਨਿਸਤਾਨ ਉੱਤੇ ਹਮਲਾ ਕੀਤਾ ਸੀ। ਅਮਰੀਕਾ ਦਾ ਦੋਸ਼ ਸੀ ਕਿ ਅਫਗਾਨਿਸਤਾਨ ਲਾਦੇਨ ਅਤੇ ਅਲ-ਕਾਇਦਾ ਨਾਲ ਜੁੜੇ ਹੋਰ ਲੋਕਾਂ ਨੂੰ ਪਨਾਹ ਦੇ ਰਿਹਾ ਹੈ। ਅਮਰੀਕਾ ਇਨ੍ਹਾਂ ਨੂੰ ਹੀ ਸਤੰਬਰ 2001 ਦੇ ਹਮਲੇ ਲਈ ਜ਼ਿੰਮੇਵਾਰ ਮੰਨਦਾ ਹੈ। ਜਾਣਕਾਰੀ ਦੇ ਅਨੁਸਾਰ ਯੁੱਧ ਦੌਰਾਨ ਇਕ ਸਮੇਂ ਅਮਰੀਕੀ ਫੌਜੀਆਂ ਦੀ ਗਿਣਤੀ 1 ਲੱਖ 10 ਹਜ਼ਾਰ ਤੱਕ ਪਹੁੰਚ ਗਈ ਸੀ। ਦਸੰਬਰ 2020 ਤੱਕ ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਗਿਣਤੀ ਘਟ ਕੇ ਸਿਰਫ 4,000 ਹੀ ਰਹਿ ਗਈ ਸੀ। ਅਮਰੀਕੀ ਰੱਖਿਆ ਮੰਤਰਾਲੇ ਦੇ ਅਨੁਸਾਰ ਅਫਗਾਨਿਸਤਾਨ ਯੁੱਧ ਉੱਤੇ ਅਕਤੂਬਰ 2001 ਤੋਂ ਸਤੰਬਰ 2019 ਵਿਚਾਲੇ 778 ਅਰਬ ਡਾਲਰ ਖਰਚ ਕੀਤੇ ਗਏ। ਅਮਰੀਕਾ ਦੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ 2001 ਤੋਂ 2019 ਵਿਚਾਲੇ ਅਮਰੀਕਾ ਨੇ ਅਫਗਾਨਿਸਤਾਨ ’ਚ ਕੁਲ 822 ਅਰਬ ਡਾਲਰ ਖਰਚ ਕੀਤੇ। 2001’ਚ ਤਾਲਿਬਾਨ ਵਿਰੁੱਧ ਜੰਗ ਸ਼ੁਰੂ ਹੋਣ ਤੋਂ ਬਾਅਦ ਅਫਗਾਨਿਸਤਾਨ ’ਚ 2300 ਤੋਂ ਵੱਧ ਅਮਰੀਕੀ ਫੌਜੀਆਂ ਦੀ ਜਾਨ ਚਲੀ ਗਈ ਹੈ ਅਤੇ ਲੜਾਈ ਦੌਰਾਨ 20,660 ਜ਼ਖਮੀ ਹੋਏ ਹਨ। 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਇੱਕ ਉਮੀਦਵਾਰ ਦੇ ਰੂਪ’ਚ ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਤੇ ਇਰਾਕ ’ਚ ਜੰਗ ’ਚ ਉਲਝਿਆ ਅਮਰੀਕਾ, ਇਨ੍ਹਾਂ ‘ਅੰਤਹੀਣ ਯੁੱਧਾਂ’ ਤੋਂ ਥੱਕ ਗਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਫੌਜੀਆਂ ਦੀ ਵਾਪਸੀ ਲਈ 1 ਮਈ 2021 ਦੀ ਸਮਾਂ ਹੱਦ ਤੈਅ ਕੀਤੀ ਸੀ ਅਤੇ ਬਾਈਡੇਨ ਨੇ ਸਮਾਂ ਵਧਾਉਂਦਿਆਂ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾ ਲਿਆ।

ਇਹ ਵੀ ਪੜ੍ਹੋ : SGPC ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਵਿਦੇਸ਼ਾਂ ’ਚ ਪ੍ਰਿੰਟਿੰਗ ਪ੍ਰੈੱਸਾਂ ਕਰੇਗੀ ਸਥਾਪਿਤ : ਬੀਬੀ ਜਗੀਰ

 ਤਾਲਿਬਾਨ ਨੇ ਅਮਰੀਕਾ ਨਾਲ ਸਾਲ 2018 ’ਚ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਫਰਵਰੀ 2020 ’ਚ ਕਤਰ ਦੀ ਰਾਜਧਾਨੀ ਦੋਹਾ ’ਚ ਦੋਵਾਂ ਧਿਰਾਂ ਵਿਚਾਲੇ ਸਮਝੌਤੇ ’ਤੇ ਦਸਤਖਤ ਹੋਏ ਸਨ, ਜਿਥੇ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੀ ਵਚਨਬੱਧਤਾ ਪ੍ਰਗਟਾਈ ਅਤੇ ਤਾਲਿਬਾਨ ਅਮਰੀਕੀ ਫੌਜੀਆਂ ’ਤੇ ਹਮਲੇ ਰੋਕਣ ਲਈ ਸਹਿਮਤ ਹੋਏ। ਸਮਝੌਤੇ  ’ਚ ਤਾਲਿਬਾਨ ਨੇ ਆਪਣੇ ਕੰਟਰੋਲ ਵਾਲੇ ਇਲਾਕੇ ’ਚ ਅਲ ਕਾਇਦਾ ਤੇ ਦੂਸਰੇ ਕੱਟੜਪੰਥੀ ਸੰਗਠਨਾਂ ਦੇ ਦਾਖਲੇ ’ਤੇ ਪਾਬੰਦੀ ਲਾਉਣ ਦੀ ਗੱਲ ਵੀ ਕਹੀ। ਰਾਸ਼ਟਰੀ ਪੱਧਰ ਦੀ ਗੱਲਬਾਤ ’ਚ ਹਿੱਸਾ ਲੈਣ ਦਾ ਵੀ ਭਰੋਸਾ ਦਿੱਤਾ ਸੀ। ਸਮਝੌਤੇ ਦੇ ਅਗਲੇ ਹੀ ਸਾਲ ਤੋਂ ਤਾਲਿਬਾਨ ਨੇ ਅਫਗਾਨਿਸਤਾਨ ’ਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ। ਹੁਣ ਜਿਵੇਂ ਕਿ ਅਮਰੀਕੀ ਫੌਜੀ ਅਫਗਾਨਿਸਤਾਨ ਛੱਡਣ ਦੀ ਤਿਆਰੀ ਕਰ ਰਹੇ ਹਨ, ਤਾਲਿਬਾਨ ਅਫਗਾਨਿਸਤਾਨ ’ਚ ਹਾਵੀ ਹੋ ਗਿਆ ਹੈ। ਦੱਸ ਦੇਈਏ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਅਮਰੀਕਾ ਨੇ ਆਪਣੇ 6000 ਫੌਜੀਆਂ ਨੂੰ ਏਅਰਪੋਰਟ ’ਤੇ ਤਾਇਨਾਤ ਕੀਤਾ ਹੈ। ਇਸ ਦੌਰਾਨ ਏੇਅਰਪੋਰਟ ’ਤੇ ਗੋਲੀਬਾਰੀ ’ਚ 7 ਲੋਕ ਮਾਰੇ ਗਏ ਹਨ, ਜਦਕਿ ਤਾਲਿਬਾਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦੇ ਲੜਾਕੂ ਉਨ੍ਹਾਂ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਫਗਾਨਿਸਤਾਨ ’ਚ ਅਰਾਜਕਤਾ ਦੇ ਮਾਹੌਲ ਨੂੰ ਲੈ ਕੇ ਵਾਸ਼ਿੰਗਟਨ ’ਚ ਵੀ ਲੋਕਾਂ ’ਚ ਗੁੱਸਾ ਹੈ। ਲੋਕ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਫੈਸਲੇ ਦੀ ਆਲੋਚਨਾ ਕਰ ਰਹੇ ਹਨ। ਲੋਕ ਤਖਤੀਆਂ ਲੈ ਕੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ। 
 


author

Manoj

Content Editor

Related News