ਬੁਢਲਾਡਾ ਸ਼ਹਿਰ ਅੰਦਰ ਕੂੜਾ ਚੁੱਕਣ ਵਾਲੇ ਵਾਹਨਾਂ ਦੀ ਹਾਲਤ ਹੋਈ ਖ਼ਸਤਾ

Tuesday, Nov 11, 2025 - 05:28 PM (IST)

ਬੁਢਲਾਡਾ ਸ਼ਹਿਰ ਅੰਦਰ ਕੂੜਾ ਚੁੱਕਣ ਵਾਲੇ ਵਾਹਨਾਂ ਦੀ ਹਾਲਤ ਹੋਈ ਖ਼ਸਤਾ

ਬੁਢਲਾਡਾ (ਰਾਮ ਰਤਨ, ਬਾਂਸਲ) : ਨਗਰ ਕੌਂਸਲ ਬੁਢਲਾਡਾ ਦੇ ਵਾਹਨ ਸਵੇਰ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕੂੜਾ ਇਕੱਠਾ ਕਰਕੇ ਇੱਕ ਜਗ੍ਹਾ ਡੰਪ ਕਰਦੇ ਹਨ। ਇਹ ਵਾਹਨ ਟੋਚਨ ਪਾ ਕੇ ਵਾਹਨ ਡਰਾਈਵਰਾਂ ਵੱਲੋਂ ਸਟਾਰਟ ਕੀਤੇ ਜਾਂਦੇ ਹਨ। ਹੈਰਾਨੀ ਤਾਂ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਕਈ ਵਾਹਨਾਂ ਦੇ ਟਾਇਰ ਬੁਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ ਪਰ ਫਿਰ ਵੀ ਡਰਾਈਵਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਕੂੜਾ ਇਕੱਠਾ ਕਰਕੇ ਇਨ੍ਹਾਂ ਵਾਹਨਾਂ ਰਾਹੀਂ ਲੈ ਜਾ ਰਹੇ ਹਨ। 

ਕੁੱਝ ਸਮਾਂ ਪਹਿਲਾਂ ਤਤਕਾਲੀ ਐੱਸ. ਡੀ. ਐੱਮ. ਸਾਗਰ ਸੇਤੀਆ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਦੀਆਂ ਨਵੀਆਂ ਗੱਡੀਆਂ ਅਤੇ ਇੱਕ ਜੇ. ਸੀ. ਬੀ. ਮਸ਼ੀਨ ਨਗਰ ਕੌਂਸਲ ਵਿੱਚ ਲਿਆਂਦੀ ਗਈ ਸੀ ਪਰ ਅਫ਼ਸਰਾਂ ਦੀ ਅਣਦੇਖੀ ਦਾ ਸ਼ਿਕਾਰ ਇਹ ਵਾਹਨ ਅੱਜ ਕੂੜੇ ਦਾ ਢੇਰ ਬਣ ਚੁੱਕੇ ਹਨ।  ਇਸ ਸਬੰਧੀ ਜਦ ਵੱਖ-ਵੱਖ ਵਾਹਨ ਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਵਾਹਨਾਂ ਦੀ ਤਬੀਅਤ ਦੱਸਦੇ ਹੋਏ ਕਿਹਾ ਕੀ ਸਮੇਂ-ਸਮੇਂ ਸਿਰ ਮੌਜੂਦਾ ਅਫ਼ਸਰਾਂ ਨੂੰ ਇਨ੍ਹਾਂ ਵਾਹਨਾਂ ਵਿੱਚ ਕਮੀਆਂ ਪੇਸ਼ੀਆਂ ਸਬੰਧੀ ਜਾਣੂੰ ਕਰਵਾਇਆ ਜਾਂਦਾ ਹੈ ਪਰ ਅਫ਼ਸਰਾਂ ਦੀ ਅਣਦੇਖੀ ਕਾਰਨ ਅੱਜ ਵਾਹਨ ਕੂੜੇ ਵਾਂਗ ਖੜ੍ਹ ਚੁੱਕੇ ਹਨ, ਜਿਨ੍ਹਾਂ ਨੂੰ ਸਾਡੇ ਵੱਲੋਂ ਧੱਕੇ-ਮੁੱਕੀ ਨਾਲ ਸਟਾਰਟ ਕਰਕੇ ਸ਼ਹਿਰ ਅੰਦਰ ਕੂੜਾ-ਕਰਕਟ ਚੁੱਕਿਆ ਜਾ ਰਿਹਾ ਹੈ। ਦੂਸਰੇ ਪਾਸੇ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕੀ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਪਰ ਅਫ਼ਸਰਾਂ ਦੀ ਅਣਦੇਖੀ ਦਾ ਸ਼ਿਕਾਰ ਇਹ ਵਾਹਨ ਅੱਜ ਖੜ੍ਹਨ ਦੇ ਕਿਨਾਰੇ ਪੁੱਜ ਚੁੱਕੇ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਲਦ ਆਲਾ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣਗੇ।


author

Babita

Content Editor

Related News