ਤਰਨਤਾਰਨ ਜ਼ਿਮਨੀ ਚੋਣ: ਸ਼ੁਰੂ ਹੋਈ ਵੋਟਾਂ ਦੀ ਗਿਣਤੀ

Friday, Nov 14, 2025 - 08:02 AM (IST)

ਤਰਨਤਾਰਨ ਜ਼ਿਮਨੀ ਚੋਣ: ਸ਼ੁਰੂ ਹੋਈ ਵੋਟਾਂ ਦੀ ਗਿਣਤੀ

ਤਰਨਤਾਰਨ (ਰਮਨ)- 11 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਲਈ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸੀ। ਅੱਜ ਇਨ੍ਹਾਂ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ, ਜਿਸ ਲਈ ਸਵੇਰੇ 8:00 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨ ਤਾਰਨ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਈ.ਵੀ.ਐੱਮ ਵਿੱਚ 16 ਨੰਬਰ ਉੱਪਰ ਨੋਟਾ (ਨਨ ਆਫ਼ ਅਬੱਵ) ਐਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ।

ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ ਜਿਨ੍ਹਾਂ ਵਿੱਚ ਇੱਕ ਹਾਲ ਵਿੱਚ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਲਈ 14 ਕਾਉਂਟਰ ਲਗਾਏ ਗਏ ਹਨ ਜਦਕਿ ਦੂਸਰੇ ਹਾਲ ਵਿੱਚ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ । ਗਿਣਤੀ ਲਈ 7 ਟੇਬਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਟੇਬਲ ਉੱਪਰ ਗਿਣਤੀ ਕਰਨ ਵਾਲੇ 3 ਕਰਮਚਾਰੀਆਂ ਦਾ ਸਟਾਫ਼ ਬੈਠੇਗਾ ਜਿਸ ਵਿੱਚ ਇੱਕ ਮਾਈਕਰੋ ਅਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜਰ ਅਤੇ ਇੱਕ ਕਾਊਂਟਿੰਗ ਐਸਸਿਟੈਂਟ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਗਿਣਤੀ ਦੌਰਾਨ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਵੀ ਨਾਲ ਮੌਜੂਦ ਹੋਣਗੇ। ਉਨ੍ਹਾਂ ਕਿਹਾ ਕਿ ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਸਾਰੀ ਪ੍ਰੀਕ੍ਰਿਆ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ।

ਦੱਸ ਦੇਈਏ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਜ਼ਿਮਨੀ ਚੋਣ 'ਚ ਕੁੱਲ 15 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।

 

 


author

Shivani Bassan

Content Editor

Related News