ਭਿਆਨਕ ਹਾਦਸੇ ਨੇ ਲੈ ਲਈਆਂ ਦੋ ਜਾਨਾਂ, ਗੱਡੀਆਂ ਵਿਚਾਲੇ ਹੋਈ ਜ਼ਬਰਦਸਤ ਟੱਕਰ

Tuesday, Nov 18, 2025 - 05:56 PM (IST)

ਭਿਆਨਕ ਹਾਦਸੇ ਨੇ ਲੈ ਲਈਆਂ ਦੋ ਜਾਨਾਂ, ਗੱਡੀਆਂ ਵਿਚਾਲੇ ਹੋਈ ਜ਼ਬਰਦਸਤ ਟੱਕਰ

ਤਪਾ ਮੰਡੀ (ਸ਼ਾਮ,ਗਰਗ): ਤਪਾ-ਆਲੀਕੇ ਰੋਡ 'ਤੇ ਹੋਏ ਦਰਦਨਾਕ ਹਾਦਸੇ ‘ਚ ਦੋ ਕਾਰਾਂ ਦੀ ਸਿੱਧੀ ਟੱਕਰ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ 'ਤੇ ਜਾ ਕੇ ਲਈ ਜਾਣਕਾਰੀ ਅਨੁਸਾਰ ਰਿਟਜ਼ ਕਾਰ ਜੋ ਭਦੌੜ ਤੋਂ ਤਪਾ ਵੱਲ ਆ ਰਹੀ ਸੀ, ਜਿਸ ਵਿਚ ਰੋਹਿਤ ਕੁਮਾਰ ਰਾਜਸਥਾਨੀ ਅਤੇ ਰਮਨਦੀਪ ਸਿੰਘ ਪੰਚ ਵਾਸੀ ਨੈਣੇਵਾਲ ਸੀ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਵਰਨਾ ਕਾਰ ਜਿਸ ‘ਚ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਰੂੜੇਕੇ ਕਲਾਂ ਤਪਾ ਤੋਂ ਆਲੀਕੇ ਵੱਲ ਜਾ ਰਹੀ ਸੀ ਦੀ ਆਪਸ ‘ਚ ਹੋਈ ਸਿੱਧੀ ਟੱਕਰ ਤੋਂ ਬਾਅਦ ਰਿਟਜ਼ ਕਾਰ ਦਰਖ਼ਤ ਨਾਲ ਟਕਰਾ ਕੇ ਖੇਤਾਂ ‘ਚ ਜਾ ਪਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਕਾਰਾਂ ਦੇ ਪਰਖੱਚੇ ਦੂਰ ਤੱਕ ਖਿੱਲਰ ਗਏ। ਖੇਤਾਂ ‘ਚ ਕੰਮ ਕਰਦੇ ਕਿਸਾਨਾਂ ਅਤੇ ਰਾਹਗੀਰਾਂ ਨੇ ਖੜਕਾ ਸੁਣਕੇ ਘਟਨਾ ਥਾਂ ਤੇ ਪਹੁੰਚਕੇ ਰਿਟਜ਼ ‘ਚ ਕਾਰ ‘ਚ ਫਸੇ ਰੋਹਿਤ ਕੁਮਾਰ ਅਤੇ ਰਮਨਦੀਪ ਸਿੰਘ ਨੂੰ ਸ਼ੀਸ਼ਿਆਂ ਰਾਹੀਂ ਬਾਹਰ ਕੱਢਿਆ। 

ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ, ਥਾਣਾ ਮੁਖੀ ਸ਼ਰੀਫ ਖਾਂ, ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁੱਜੀ ਭਾਰੀ ਪੁਲਸ ਪਾਰਟੀ ਨੇ ਪਹੁੰਚ ਕੇ ਤੁਰੰਤ ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਸਾਂ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਪਹੁੰਚਾਇਆ ਗਿਆ, ਜਿਨ੍ਹਾਂ ‘ਚੋਂ ਰੋਹਿਤ ਕੁਮਾਰ ਅਤੇ ਰਮਨਦੀਪ ਸਿੰਘ ਨੂੰ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਵਰਨਾ ਕਾਰ ਜੋ ਬਹੁਤ ਹੀ ਤੇਜੀ ਨਾਲ ਤਪਾ ਤੋਂ ਆਲੀਕੇ ਵੱਲ ਜਾ ਰਹੀ ਸੀ, ‘ਚ ਪਾਬੰਦੀਸ਼ੁਦਾ ਸਮੱਗਰੀ ਲਿਜਾਈ ਜਾ ਰਹੀ ਸੀ। ਪੁਲਸ ਡੂੰਘਾਈ ਨਾਲ ਜਾਂਚ ਕਰਨ ‘ਚ ਜੁੱਟੀ ਹੋਈ ਹੈ। ਖਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ।


author

Anmol Tagra

Content Editor

Related News