ਪੀ. ਐੱਮ. ਪ੍ਰਯੁਥ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਣ ਲਈ ਵਰਤਿਆ ਅਨੋਖਾ ਤਰੀਕਾ

01/09/2018 5:21:12 PM

ਬੈਂਕਾਕ (ਬਿਊਰੋ)— ਭਾਰਤੀ ਨੇਤਾ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੇ ਨੇਤਾ ਵੀ ਮੀਡੀਆ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਤਾਜ਼ਾ ਮਾਮਲੇ ਵਿਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਣ ਲਈ ਇਕ ਅਨੋਖਾ ਤਰੀਕਾ ਅਪਨਾਇਆ। ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਓਚਾ ਨੇ ਸਵਾਲਾਂ ਤੋਂ ਬਚਣ ਲਈ ਆਪਣੇ ਹੀ ਆਕਾਰ ਦਾ ਅਤੇ ਆਪਣੀ ਤਸਵੀਰ ਵਾਲਾ ਇਕ ਕਾਰਡਬੋਰਡ ਕਟਆਊਟ ਖੜ੍ਹਾ ਕੀਤਾ ਅਤੇ ਪੱਤਰਕਾਰਾਂ ਨੂੰ ਕਿਹਾ,''ਜੋ ਪੁੱਛਣਾ ਹੈ, ਇਸ ਤੋਂ ਪੁੱਛੋ।'' 

PunjabKesari
ਬੈਂਕਾਕ ਵਿਚ ਹੋ ਰਹੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਪਹਿਲਾਂ ਪ੍ਰਯੁਥ ਖੁਦ ਸਵਾਲਾਂ ਦਾ ਜਵਾਬ ਦੇਣ ਲਈ ਖੜ੍ਹੇ ਸਨ। ਉਨ੍ਹਾਂ ਨੇ ਆਉਣ ਵਾਲੇ ਬਾਲ ਦਿਵਸ ਨੂੰ ਪ੍ਰਮੋਟ ਕਰਨ ਵਾਲੇ ਇਕ ਸਮਾਰੋਹ ਮਗਰੋਂ ਮੀਡੀਆ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਕਿ ਕੋਈ ਪੱਤਰਕਾਰ ਉਨ੍ਹਾਂ ਤੋਂ ਸਿਆਸੀ ਮੁੱਦਿਆਂ ਸੰਬੰਧੀ ਕੋਈ ਸਵਾਲ ਪੁੱਛਦਾ ਉਨ੍ਹਾਂ ਨੇ ਆਪਣੇ ਇਕ ਸਹਿਯੋਗੀ ਨੂੰ ਕਾਰਡਬੋਰਡ ਲਿਆਉਣ ਲਈ ਕਿਹਾ। ਇਸ ਮਗਰੋਂ ਉਹ ਖੁਦ ਉੱਥੋਂ ਚਲੇ ਗਏ ਅਤੇ ਜਾਂਦੇ-ਜਾਂਦੇ ਪੱਤਰਕਾਰਾਂ ਨੂੰ ਕਹਿ ਗਏ,''ਜੇ ਤੁਸੀਂ ਰਾਜਨੀਤੀ ਜਾਂ ਵਿਵਾਦ ਸੰਬੰਧੀ ਸਵਾਲ ਕਰਨੇ ਹਨ ਤਾਂ ਇਨ੍ਹਾਂ ਕੋਲੋਂ ਪੁੱਛੋ।'' 
ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਪ੍ਰਯੁਥ ਨੇ ਅਜਿਹਾ ਵਤੀਰਾ ਕੀਤਾ ਹੈ। ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਇਕ ਸਾਊਂਡ ਟੈਕਨੀਸ਼ੀਅਨ ਦਾ ਕੰਨ ਫੜ ਲਿਆ ਸੀ, ਕੈਮਰਾਮੈਨ 'ਤੇ ਕੇਲੇ ਦਾ ਛਿੱਲੜ ਸੁੱਟ ਦਿੱਤਾ ਸੀ ਅਤੇ ਮਜ਼ਾਕੀਆ ਅੰਦਾਜ਼ ਵਿਚ ਹੀ ਸਹੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰ ਨੂੰ ਮਾਰਨ ਤੱਕ ਦੀ ਧਮਕੀ ਦਿੱਤੀ ਸੀ।


Related News