ਬ੍ਰਿਟੇਨ: ਮਨੀ ਲਾਂਡ੍ਰਿੰਗ ਤੇ ਹਿਊਮਨ ਟ੍ਰੈਫਿਕਿੰਗ ਦੇ ਦੋਸ਼ਾਂ ''ਚ ਫੜੇ ਗਏ 10 ਭਾਰਤੀਆਂ ''ਚੋਂ 9 ਪੰਜਾਬੀ

11/23/2019 11:49:09 AM

ਲੰਡਨ— ਬ੍ਰਿਟੇਨ ਦੇ ਕ੍ਰਾਈਮ ਅਧਿਕਾਰੀਆਂ ਨੇ ਇਕ ਸੰਗਠਿਤ ਅਪਰਾਧ ਸਮੂਹ ਦੇ 10 ਭਾਰਤੀ ਮੂਲ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਪਿਛਲੇ ਤਿੰਨ ਸਾਲਾਂ 'ਚ ਸੂਟਕੇਸਾਂ ਰਾਹੀਂ ਬ੍ਰਿਟੇਨ ਤੋਂ ਲਗਭਗ 15.5 ਮਿਲੀਅਨ ਡਾਲਰ (143.5 ਕਰੋੜ ਰੁਪਏ) ਮਨੀ ਲਾਂਡ੍ਰਿੰਗ ਤੇ 17 ਲੋਕਾਂ ਦੀ ਤਸਕਰੀ ਕਰਨ ਦੇ ਦੋਸ਼ ਲਾਏ ਗਏ ਹਨ।

ਗ੍ਰਿਫਤਾਰ ਕੀਤੇ ਸ਼ੱਕੀਆਂ 'ਚ ਇਕ ਔਰਤ ਤੇ 9 ਪੁਰਸ਼ ਸ਼ਾਮਲ ਹਨ ਤੇ ਇਨ੍ਹਾਂ ਸਾਰਿਆਂ ਦੀ ਉਮਰ 30 ਤੋਂ 44 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਬੁੱਧਵਾਰ ਨੂੰ ਨਸ਼ਾ ਤਸਕਰੀ ਤੇ ਇਕ ਸੰਗਠਿਤ ਇਮੀਗ੍ਰੇਸ਼ਨ ਜੁਰਮ ਰਾਹੀਂ ਕਮਾਏ ਲੱਖਾਂ ਡਾਲਰਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸਾਊਥਾਲ ਤੇ ਹੌਨਸਲੋ ਦੇ ਨੇੜੇ ਰਹਿਣ ਵਾਲੇ ਸਾਰੇ ਸ਼ੱਕੀਆਂ 'ਤੇ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.), ਦੁਬਈ ਪੁਲਸ, ਬਾਰਡਰ ਫੋਰਸ ਤੇ ਸਕਾਟਲੈਂਡ ਯਾਰਡ ਵਲੋਂ ਜਾਂਚ ਤੋਂ ਬਾਅਦ ਮਨੀ ਲਾਂਡ੍ਰਿੰਗ ਤੇ ਇਕ ਸੰਗਠਿਤ ਅਪਰਾਧ ਸਮੂਹ ਦਾ ਮੈਂਬਰ ਹੋਣ ਦੇ ਦੋਸ਼ ਲਗਾਏ ਗਏ ਸਨ।

ਸ਼ੱਕੀਆਂ 'ਚ ਚਰਨ ਸਿੰਘ (41), ਵਲਜੀਤ ਸਿੰਘ(30), ਜਸਬੀਰ ਸਿੰਘ ਢੱਲ (28), ਸੁੰਦਰ ਵੈਂਗਦਾਸਾਲਮ (44), ਜਸਬੀਰ ਸਿੰਘ ਮਲਹੋਤਰਾ (33), ਪਿੰਕੀ ਕਪੂਰ (35) ਤੇ ਮਨਮੋਨ ਸਿੰਘ ਕਪੂਰ (44) ਤੇ ਮਨੀ ਲਾਂਡ੍ਰਿੰਗ ਦੇ ਦੋਸ਼ ਲਾਏ ਗਏ ਹਨ। ਸਵੰਦਰ ਸਿੰਘ ਢੱਲ (33),  ਜਸਬੀਰ ਸਿੰਘ ਕਪੂਰ (31) ਤੇ ਦਿਲਜਨ ਮਲਹੋਤਰਾ (43) 'ਤੇ ਇਸੇ ਤਰ੍ਹਾਂ ਦੇ ਅਪਰਾਧ ਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਤਹਿਤ ਵਾਧੂ ਦੋਸ਼ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀਆਂ ਦੀ ਯਾਤਰਾ ਸਬੰਧੀ ਜਾਣਕਾਰੀ ਇਕੱਠੀ ਕਰਨ 'ਤੇ ਪਤਾ ਲੱਗਿਆ ਕਿ ਇਸ ਗਰੁੱਪ ਨੇ ਇਕੱਲੇ 2017 ਤੇ 2018 'ਚ 14 ਮਿਲੀਅਨ ਡਾਲਰ (129.4 ਕਰੋੜ ਰੁਪਏ) ਤੋਂ ਵਧੇਰੇ ਦੀ ਰਾਸ਼ੀ ਟ੍ਰਾਂਸਫਰ ਕੀਤੀ ਸੀ। ਹੋਨਸਲੋ, ਹੇਜ਼, ਯੂਕਸਬ੍ਰਿਜ ਅਤੇ ਸਾਊਥਾਲ 'ਚ ਮਾਰੇ ਗਏ ਛਾਪਿਆਂ ਦੌਰਾਨ ਰੇਂਜ ਰੋਵਰ, ਆਡੀ ਕਿਊ 7 ਤੇ ਬੀ.ਐੱਮ.ਡਬਲਯੂ. 5 ਸੀਰੀਜ਼ ਸਣੇ ਨਕਦੀ, ਗੈਰ-ਕਾਨੂੰਨੀ ਨਸ਼ਾ ਤੇ ਹੋਰ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ।

ਇਹ ਛਾਪੇਮਾਰੀ ਇਸ ਸਾਲ ਹਵਾਈ ਅੱਡਿਆਂ ਤੋਂ 1.5 ਮਿਲੀਅਨ ਡਾਲਰ (13.8 ਕਰੋੜ ਰੁਪਏ) ਦੀ ਜ਼ਬਤੀ ਤੋਂ ਬਾਅਦ ਕੀਤੀ ਗਈ ਸੀ। ਇਨ੍ਹਾਂ ਸਾਰੇ ਮਾਮਲਿਆਂ 'ਚ ਇਹ ਰਾਸ਼ੀ ਯੂਕੇ ਤੋਂ ਸੰਯੁਕਤ ਅਰਬ ਅਮੀਰਾਤ ਵਿਚਾਲੇ ਟ੍ਰਾਂਸਫਰ ਕੀਤੀ ਜਾ ਰਹੀ ਸੀ।


Baljit Singh

Content Editor

Related News