ਬਦਮਾਸ਼ ਮਨੀ ਖੱਚਰ ਦੇ ਮਾਪਿਆਂ ''ਤੇ ਵੀ ਕੇਸ ਦਰਜ, 5 ਮੁਲਜ਼ਮਾਂ ਨੂੰ ਕੀਤਾ ਗਿਆ ਨਾਮਜ਼ਦ
Monday, Feb 09, 2026 - 11:59 AM (IST)
ਲੁਧਿਆਣਾ (ਰਾਜ): ਅਪਰਾਧੀਆਂ ਦੇ ਨਾਲ-ਨਾਲ ਹੁਣ ਉਨ੍ਹਾਂ ਨੂੰ ਸੁਰੱਖਿਆ ਦੇਣ ਵਾਲਿਆਂ ਦੀ ਵੀ ਖੈਰ ਨਹੀਂ ਹੈ। ਲੁਧਿਆਣਾ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਗੌੜੇ ਅਪਰਾਧੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੇ ਦੋਸ਼ ਵਿਚ ਥਾਣਾ ਸਾਹਨੇਵਾਲ ਵਿਚ 5 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਦਰਅਸਲ, ਮੁਲਜ਼ਮ ਬਦਮਾਸ਼ ਮਨੀ ਖੱਚਰ, ਦਲੀਪ ਕੁਮਾਰ ਉਰਫ਼ ਭਈਆ ਅਤੇ ਅਮਨ ਕੁਮਾਰ ਉਰਫ਼ ਬੈਂਸ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਹੀ ਥਾਣਾ ਸਾਹਨੇਵਾਲ ਵਿੱਚ ਸੰਗੀਨ ਮਾਮਲੇ ਦਰਜ ਹਨ ਅਤੇ ਪੁਲਿਸ ਨੂੰ ਜਿਨ੍ਹਾਂ ਦੀ ਤਲਾਸ਼ ਹੈ, ਉਨ੍ਹਾਂ ਨੂੰ ਕੁਝ ਲੋਕ ਜਾਣਬੁੱਝ ਕੇ ਛੁਪਾ ਰਹੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਮਨੀ ਖੱਚਰ ਦੇ ਪਿਤਾ ਰਮੇਸ਼ ਕੁਮਾਰ, ਮਾਤਾ ਅਮਰਜੀਤ ਕੌਰ, ਰਾਜ ਕਿਸ਼ੋਰ, ਇੰਦੂ ਦੇਵੀ ਅਤੇ ਵੀਰ ਸਿੰਘ ਇਨ੍ਹਾਂ ਭਗੌੜੇ ਅਪਰਾਧੀਆਂ ਨੂੰ ਨਾ ਸਿਰਫ਼ ਆਪਣੇ ਕੋਲ ਪਨਾਹ ਦੇ ਰਹੇ ਹਨ, ਸਗੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾ ਰਹੇ ਹਨ।
ਇੰਨਾ ਹੀ ਨਹੀਂ, ਇਹ ਲੋਕ ਪੁਲਿਸ ਦੀਆਂ ਅੱਖਾਂ ਵਿਚ ਧੂੜ ਝੋਂਕ ਕੇ ਅਪਰਾਧੀਆਂ ਦੇ ਮੁਕੱਦਮਿਆਂ ਦੀ ਪੈਰਵੀ ਵੀ ਕਰ ਰਹੇ ਹਨ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਸਾਫ਼ ਸੰਦੇਸ਼ ਹੈ ਕਿ ਅਪਰਾਧੀ ਦੀ ਮਦਦ ਕਰਨ ਵਾਲਾ ਵੀ ਉਨਾ ਹੀ ਵੱਡਾ ਦੋਸ਼ੀ ਹੈ ਜਿੰਨਾ ਕਿ ਅਪਰਾਧ ਕਰਨ ਵਾਲਾ।
