ਗੁਰਦਾਸਪੁਰ ’ਚ 11kg ਹੈਰੋਇਨ ਤੇ 5.75 ਲੱਖ ਦੀ ਡਰੱਗ ਮਨੀ ਸਣੇ 2 ਸਮੱਗਲਰ ਗ੍ਰਿਫ਼ਤਾਰ
Saturday, Feb 07, 2026 - 08:52 PM (IST)
ਗੁਰਦਾਸਪੁਰ (ਵਿਨੋਦ, ਹਰਜਿੰਦਰ ਸਿੰਘ ਗੋਰਾਇਆ) - ਜ਼ਿਲਾ ਗੁਰਦਾਸਪੁਰ ਪੁਲਸ ਨੇ ਅੱਜ ਨਸ਼ਾ ਸਮੱਗਲਰਾਂ ਵਿਰੁੱਧ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਸੰਗਠਿਤ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ 11 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਵਸੀਮ ਵਾਸੀ ਕਾਸਿਮਪੁਰ (ਮੁਜ਼ੱਫਰਨਗਰ, ਉੱਤਰ ਪ੍ਰਦੇਸ਼) ਅਤੇ ਹਰਸ਼ਦੀਪ ਸਿੰਘ ਉਰਫ਼ ਹਰਸ਼ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਅਤੇ ਨਕਦੀ ਤੋਂ ਇਲਾਵਾ ਪੁਲਸ ਨੇ ਉਨ੍ਹਾਂ ਦੀ ਇਕ ਹੌਂਡਾ ਸਿਟੀ ਅਤੇ ਇਕ ਵਰਨਾ ਕਾਰ ਵੀ ਜ਼ਬਤ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਸਮੱਗਲਿੰਗ ਲਈ ਕੀਤੀ ਜਾ ਰਹੀ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਮੁਲਜ਼ਮ ਭਾਰਤ ’ਚ ਬੈਠੇ ਆਪਣੇ ਹੈਂਡਲਰਾਂ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਅਸਿੱਧੇ ਤੌਰ ’ਤੇ ਸੰਪਰਕ ’ਚ ਸਨ। ਇਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਹਰਸ਼ਦੀਪ ਸਿੰਘ ਨੂੰ ਚਿੱਟੀ ਪਿੰਡ ਨੇੜਿਓਂ 8 ਕਿਲੋ ਹੈਰੋਇਨ ਅਤੇ ਸਾਢੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਦੂਜੀ ਕਾਰਵਾਈ ’ਚ ਮੁਹੰਮਦ ਵਸੀਮ ਨੂੰ ਦੀਨਾਨਗਰ ਸਥਿਤ ਪਨਿਆੜ ਸ਼ੂਗਰ ਮਿੱਲ ਨੇੜੇ ਲਗਾਏ ਨਾਕੇ ਤੋਂ 3 ਕਿਲੋ ਹੈਰੋਇਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
