USA ਰਾਸ਼ਟਰਪਤੀ ਚੋਣਾਂ, 52 ਲੱਖ ਅਮਰੀਕੀ ਨਹੀਂ ਪਾ ਸਕਣਗੇ ਵੋਟ

10/17/2020 10:37:50 PM

ਵਾਸ਼ਿੰਗਟਨ— ਅਮਰੀਕਾ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ 52 ਲੱਖ ਅਮਰੀਕੀ ਵੋਟ ਨਹੀਂ ਪਾ ਸਕਣਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਗੰਭੀਰ ਅਪਰਾਧੀ ਹਨ, ਜਿਨ੍ਹਾਂ ਵਿਚੋਂ ਇਕ ਚੌਥਾਈ ਜੇਲ੍ਹ ਵਿਚ ਬੰਦ ਹਨ ਅਤੇ 10 ਫੀਸਦੀ ਪੈਰੋਲ 'ਤੇ ਹਨ। ਉੱਥੇ ਹੀ 43 ਫ਼ੀਸਦੀ ਅਪਰਾਧੀ ਅਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਦੇ ਵੋਟ ਪਾਉਣ ਦਾ ਅਧਿਕਾਰ ਬਹਾਲ ਨਹੀਂ ਹੋਇਆ ਹੈ।

ਇਨ੍ਹਾਂ ਅਪਰਾਧੀਆਂ ਵਿਚ ਵੱਡੀ ਗਿਣਤੀ ਗੈਰ-ਗੋਰੇ ਲੋਕਾਂ ਦੀ ਹੈ, ਜੋ ਦੱਖਣੀ ਅਮਰੀਕਾ ਵਿਚ ਡੈਮੋਕ੍ਰੇਟ ਦਾ ਮਜਬੂਤ ਗੜ੍ਹ ਹੈ, ਲਿਹਾਜਾ ਪਾਰਟੀ ਨੂੰ ਇਨ੍ਹਾਂ ਲੋਕਾਂ ਦੀ ਵੋਟ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ।

ਤਾਜ਼ਾ ਰਿਪੋਰਟ ਮੁਤਾਬਕ, ਅਪਰਾਧ ਕਾਰਨ ਵੋਟ ਪਾਉਣ ਦਾ ਅਧਿਕਾਰ ਗੁਆਉਣ ਵਾਲਿਆਂ ਦੀ ਦਰ ਗੈਰ-ਗੋਰਿਆਂ 'ਚ ਚਾਰ ਗੁਣਾ ਜ਼ਿਆਦਾ ਹੈ। ਹਾਲ ਇਹ ਹੈ ਕਿ ਅਲਬਾਮਾ, ਫਲੋਰੀਡਾ ਅਤੇ ਕੇਂਟੁਕੀ ਸਮੇਤ ਸੱਤ ਸੂਬਿਆਂ ਵਿਚ ਤਾਂ ਹਰ ਸੱਤ ਵਿਚੋਂ ਇਕ ਗੈਰ-ਗੋਰਾ ਵੋਟ ਪਾਉਣ ਤੋਂ ਵਾਂਝਾ ਰਹੇਗਾ। ਹਾਲਾਂਕਿ, ਵੋਟ ਦਾ ਅਧਿਕਾਰ ਗੁਆਉਣ ਵਾਲੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਦੇਖਦੇ ਹੋਏ ਕਈ ਸੂਬਿਆਂ ਨੇ ਨਿਯਮਾਂ ਵਿਚ ਸੋਧ ਕੀਤੇ ਹਨ। ਇਸ ਦੇ ਮੱਦੇਨਜ਼ਰ 2016 ਦੇ ਮੁਕਾਬਲੇ ਇਨ੍ਹਾਂ ਲੋਕਾਂ ਦਾ ਅੰਕੜਾ 15 ਫੀਸਦੀ ਘੱਟ ਹੋਇਆ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ 62 ਲੱਖ ਗੰਭੀਰ ਅਪਰਾਧੀਆਂ ਦੇ ਵੋਟ ਪਾਉਣ 'ਤੇ ਰੋਕ ਲੱਗੀ ਸੀ।


Sanjeev

Content Editor

Related News