20 ਸਾਲ ਦਾ ਮੁੰਡਾ ਰਸਤੇ ਚ ਐਨਾ ਕੜ੍ਹਿਆ, ਬਿਨਾਂ ਪਾਸਪੋਰਟ ਤੋਂ 100 ਸਾਲ ਪਹਿਲਾਂ ਅਮਰੀਕਾ ਜਾ ਵੜਿਆ

10/19/2020 2:40:59 PM

ਇਕ ਅਵੱਲਾ ਘੁਮੱਕੜਨਾਮਾ............

 ਪੰਜਾਬੀ ਦੇ ਬਹੁਤੇ ਘੁਮੱਕੜਨਾਮੇ ਕਿਸੇ ਗਿੱਲ, ਧਾਲੀਵਾਲ ਤੇ ਸਰਵਣ ਪੁੱਤਾਂ ਨੇ ਲਿਖੇ ਨੇ। ਉਨ੍ਹਾਂ ਨੂੰ ਪੜ੍ਹਕੇ ਇੰਝ ਲੱਗਦਾ ਜਿਵੇਂ ਬੰਦਾ ਬਜ਼ਾਰ ਤੋਂ 100 ਰੁਪਏ ਕਿੱਲੋ ਆਲੇ ਸੇਬ ਲੈ ਕੇ ਘਰ ਆਇਆ ਹੋਵੇ ਤੇ ਜਦੋਂ ਖਾਣ ਲੱਗੇ ਤਾਂ ਉਸ ਨੂੰ ਪਤਾ ਲੱਗੇ ਕਿ ਇਹ ਤਾਂ ਗਲ਼ੇ ਹੋਏ 20 ਰੁਪਏ ਕਿਲੋ ਆਲੇ  ਨੇ।ਅਸਲ ਵਿਚ ਬਹੁਤੇ ਅਜਿਹੇ ਆਪਣੇ ਕਿਸੇ ਧੀ-ਪੁੱਤ ਜਾਂ ਰਿਸ਼ਤੇਦਾਰ ਨੂੰ ਮਿਲਣ ਦੇ ਬਹਾਨੇ ਅਮਰੀਕਾ, ਕੈਨੇਡਾ ਜਾ ਪੁੱਜਦੇ ਨੇ। ਫਿਰ ਘੁਮੱਕੜਨਾਮੇ ਚ ਅਜਿਹੇ ਕੀਰਨੇ ਪਾਉਂਦੇ ਨੇ ਜਿਵੇਂ ਵੀਹ ਸਾਲ ਪਹਿਲਾਂ ਮਰੇ ਆਪਣੇ ਕਿਸੇ ਸਕੇ ਨੂੰ ਬੁਲਾ ਕੇ, ਪੀੜ੍ਹੀ ਤੇ ਬਿਠਾ ਕੇ ਚਾਹ ਪਿਲਾਉਣੀ ਹੁੰਦੀ ਹੈ।

ਪੰਜਾਬੀ 'ਚ ਜੇ ਘੁਮੱਕੜਨਾਮੇ 'ਚ ਕਿਸੇ ਨੇ ਅੱਤ ਕਰਵਾਈ ਐ ਤਾਂ ਉਹ ਹੈ ਸੋਢੀ ਸੁਲਤਾਨ ਸਿੰਘ ਦਾ ਮੁਲਕੋ ਮੁਲਕੋ ਸਾਈਕਲਨਾਮਾ। ਉਸ ਦੀ ਕਿਤਾਬ ਪੜ੍ਹ ਕੇ ਇੰਝ ਲਗਦਾ ਜਿਵੇਂ ਬੰਦਾ ਸਿਆਲ ਚ ਚੁੱਲ੍ਹੇ ਤੇ ਬੈਠਾ ਬੇਬੇ ਦੀ ਬਣਾਈ ਖੋਏ ਦੀ ਪਿੰਨੀ ਚਾਹ ਨਾਲ ਖਾ ਰਿਹਾ ਹੋਵੇ। ਸੋਚੀਦਾ ਸੀ ਬਈ ਇਸ ਤੋਂ ਵੀ ਅੱਗੇ ਕੋਈ ਗੱਲ ਹੋ ਸਕਦੀ ਹੈ।ਪਰ ਬਈ ਸੋਢੀ ਤੋਂ 100 ਸਾਲ ਪਹਿਲਾਂ ਇਕ ਹੋਰ ਸੋਢੀ ਕਿੱਕਰਾਂ ਨੂੰ ਕੇਲੇ ਲਾ ਕੇ ਗਿਆ। ਗੋਪਾਲ ਸਿੰਘ ਖ਼ਾਲਸਾ ਦੀ ਇਹ ਕਿਤਾਬ ਜਦੋਂ ਬੰਦਾ ਪੜ੍ਹਦਾ ਤਾਂ ਜੇ ਉਸ ਅੱਗੇ ਕੋਈ ਜਲੇਬੀਆਂ ਦਾ ਥਾਲ ਲਿਆ ਰੱਖੇ ਤਾਂ ਉਹ ਕਹੇਗਾ ਬਈ ਖੜਜਾ, ਪਹਿਲਾਂ ਰਸਗੁੱਲਿਆਂ ਦਾ ਸੁਆਦ ਵੇਖ ਲੈਣ ਦੇ।

ਵੀਹ ਸਾਲ ਦਾ ਮੁੰਡਾ ਗੋਪਾਲ ਸਿੰਘ ਕਿੰਨੇ ਕਾਟੋ ਕਲੇਸ਼ ਨਾਲ ਅਮਰੀਕਾ ਜਾ ਪੁੱਜਾ, ਉਹ ਸਾਰਾ ਵੇਰਵਾ ਐਦਾਂ ਜਿਵੇਂ ਬੰਦਾ ਕਿਸੇ ਦੋ ਸਾਲ ਦੇ ਨਿਆਣੇ ਨੂੰ ਬਿਨਾਂ ਪੌੜੀਆਂ ਤੋਂ ਕੁਤਬਮੀਨਾਰ ਤੇ ਚੜ੍ਹਦਾ ਵੇਖ ਰਿਹਾ ਹੋਵੇ।ਇਹ ਗੱਲ ਆਪਣੇ ਆਪ 'ਚ ਕਮਾਲ ਐ ਕਿ 100 ਸਾਲ ਪਹਿਲਾਂ ਦਲਿਤਾਂ ਦਾ ਮੁੰਡਾ ਗੋਪਾਲ ਸਿੰਘ, ਬਿਨਾਂ ਕਿਸੇ ਹੀਲੇ ਵਸੀਲੇ ਤੋਂ ਧੱਕੇ ਖਾਂਦਾ ਇਕ ਸਾਲ 'ਚ ਅਮਰੀਕਾ ਇੰਝ ਜਾ ਵੜਿਆ ਜਿਵੇਂ ਬਿਫਰਿਆ ਹੋਇਆ ਹੜ੍ਹ ਦਾ ਪਾਣੀ ਅੰਦਰਲੇ ਦਲ੍ਹਾਨ ਚ ਜਾ ਵੜੇ।ਬਾਈ ਸੋਢੀ ਸੁਲਤਾਨ ਸਿੰਘ ਇਕ ਗੱਲ ਬਹੁਤ ਕਰਦਾ ਬਈ ਉਹ ਤਾਂ ਫਲਾਣੇ ਜੱਟ ਨੇ ਮੇਰੀ ਬੇੜੀ ਚ ਵੱਟੇ ਪਾ ਤੇ, ਨਹੀਂ ਤਾਂ ਹੁਣ ਤੱਕ ਆਪਾਂ ਵੀ ਰੱਬ ਦੇ ਸਾਢੂ ਬਣੇ ਹੋਣਾ ਸੀ। ਹਾਹਾਹਾ।

 

 

PunjabKesari

 

ਖੈਰ ਗੋਪਾਲ ਸਿੰਘ ਬਾਬੇ ਦੀ ਬੇੜੀ 'ਚ ਕਿਸੇ ਜੱਟ ਨੇ ਵੱਟੇ ਨੀ ਪਾਏ ਤੇ ਉਹ ਜਹਾਜ਼ 'ਚ ਕਲਕੱਤੇ ਤੋਂ ਇਕ ਸਰਦਾਰ ਵੱਲੋਂ ਮੱਝਾਂ ਲੱਦ ਕੇ ਸਿੰਗਾਪੁਰ ਲਿਜਾਣ, ਜਹਾਜ਼ ਚ ਮਲਵਈਆਂ ਵੱਲੋਂ ਹੀਰ ਦੀਆਂ ਕਲੀਆਂ ਲਾਉਣ ਦੇ ਕਿੱਸੇ ਅਜਿਹੇ ਸੁਆਦਲੇ ਢੰਗ ਨਾਲ ਬਿਆਨ ਕਰਦਾ ਜਿਵੇਂ ਬੰਦਾ ਤੀਹ  ਸਾਲ ਪਹਿਲਾਂ ਕੰਧ ਤੇ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਕੁਲਦੀਪ ਮਾਣਕ ਦਾ ਅਖਾੜਾ ਸੁਣ ਰਿਹਾ ਹੋਵੇ।ਸਮੁੰਦਰੀ ਜਹਾਜ਼ ਵਿਚ ਇਕ ਪੰਜਾਬੀ ਦੀ ਜਪਾਨਣਾਂ ਨਾਲ ਮਿਲਣੀ, ਅਮਰੀਕਾ 'ਚ ਗੋਪਾਲ ਸਿੰਘ ਦਾ ਦਾਖ਼ਲਾ, ਫਿਰ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਨਾ ਤੇ ਫਿਰ ਉਥੇ ਯੂਨੀਵਰਸਿਟੀ ਕਲੱਬ ਦਾ ਪ੍ਰਧਾਨ ਬਣਨ ਵਰਗੀਆਂ ਗੱਲਾਂ ਪੜ੍ਹਕੇ ਬੰਦੇ ਨੂੰ ਯਕੀਨ ਨੀ ਆਉਂਦਾ ਕਿ ਇਹ ਸਭ ਕੁੱਝ 100 ਸਾਲ ਪਹਿਲਾਂ ਇਸੇ ਦੁਨੀਆਂ ਚ ਹੋਇਆ ਸੀ।ਇਹ ਕਿਤਾਬ ਪਹਿਲਾਂ 1954 'ਚ ਉਰਦੂ 'ਚ ਛਪੀ ਸੀ। ਇਸ ਨੂੰ ਫੇਰ ਬਹੁਤ ਹੀਲੇ ਵਸੀਲੇ ਕਰਕੇ ਖ਼ੁਦਾ ਬਖ਼ਸ਼ ਲਾਇਬ੍ਰੇਰੀ ਪਟਨਾ ਸਾਹਿਬ 'ਚੋਂ ਲੱਭ ਕੇ ਛਾਪਿਆ ਗਿਆ ਹੈ।ਇਸ ਨੂੰ ਮਾਸਟਰ ਹਰੀਸ਼ ਕੁਮਾਰ ਪੱਖੋਵਾਲ ਹੁਰਾਂ ਨੇ ਛਾਪਿਆ ਐ। ਪੰਜਾਬੀ ਭਵਨ ਤੋਂ ਕੋਈ ਵੀ ਉਨ੍ਹਾਂ ਤੋਂ ਇਹ ਕਿਤਾਬ ਲੈ ਸਕਦਾ। ਬੜੇ ਚਿਰਾਂ ਬਾਅਦ ਅਜਿਹੀ ਕਿਤਾਬ ਮਿਲੀ ਜਿਸ ਨੂੰ ਇਕ ਹੀ ਵਾਰ 'ਚ ਬੈਠਕੇ ਪੜ੍ਹਿਆ। ਰੂਹਾਂ ਨੂੰ ਰੱਜ ਆ ਗਿਆ ਸੱਚੀਂ ਕਿਤਾਬ ਪੜ੍ਹਕੇ।

 

PunjabKesari
ਨਾਲੇ ਜਿਹੜੇ ਨੈੱਟ ਤੇ ਪੀ.ਡੀ.ਐਫ. ਫਾਈਲਾਂ ਚੜ੍ਹਾਈ ਜਾਂਦੇ ਐ ਇਨ੍ਹਾਂ ਦੀ ਭੁਗਤ ਸਵਾਰਨ ਆਲੀ ਐ। ਵੀਹ-ਵੀਹ ਹਜ਼ਾਰ ਦੇ ਮੋਬਾਈਲ ਜੇਬਾਂ ਚ ਪਾ ਕੇ, ਬੁਲਟ ਤੇ ਗੇੜੀਆਂ ਮਾਰਨ ਵਾਲੇ, ਕਿਤਾਬ ਖਰੀਦਦੇ ਸਮੇਂ ਇਨ੍ਹਾਂ ਦੇ ਮਾਊਂ ਲੜਦੇ ਐ।ਨਾਲੇ ਜਿਹੜੇ ਮਾਸਟਰ ਅਖ਼ਬਾਰਾਂ ਚ ਘੁਮੱਕੜਨਾਮੇ ਲਿਖਦੇ ਐ, ਉਹ ਜ਼ਰੂਰ ਇਹ ਸ਼ਾਹਕਾਰ ਪੜ੍ਹਨ, ਉਨ੍ਹਾਂ ਨੂੰ ਪਤਾ ਲੱਗੇਗਾ ਬਈ ਸਫ਼ਰਨਾਮਾ ਕਿਲੋਮੀਟਰ ਦੱਸਣ ਜਾਂ ਦ੍ਰਿਸ਼ ਸੁੰਦਰ ਦੱਸਣਾ ਹੀ ਨੀ ਹੁੰਦਾ, ਸਗੋਂ ਰੂਹ ਦਾ ਇਕ ਗੀਤ ਗਾਉਣਾ ਹੁੰਦਾ, ਜਿਸ ਦੀ ਆਵਾਜ਼ ਫਿਰ ਕਿਸੇ ਜਾਂਦੇ ਰਾਹੀ ਨੂੰ ਆਪਣੇ ਵੱਲ ਇੰਜ ਖਿੱਚਦੀ ਜਿਵੇਂ ਭੌਰਾ ਕਿਸੇ ਫੁੱਲ ਦੀ ਵਾਸ਼ਨਾ ਵੱਲ ਨੂੰ ਭੱਜਦਾ।
 

ਮਨਜੀਤ ਸਿੰਘ ਰਾਜਪੁਰਾ


 


Harnek Seechewal

Content Editor

Related News