ਬੰਗਲਾਦੇਸ਼ ''ਚ 10 ਅੱਤਵਾਦੀ ਗ੍ਰਿਫ਼ਤਾਰ
Friday, Oct 21, 2022 - 05:32 PM (IST)
ਢਾਕਾ (ਵਾਰਤਾ)- ਬੰਗਲਾਦੇਸ਼ ਵਿਚ ਅੱਤਵਾਦੀ ਸਮੂਹ ਦੇ ਸੱਤ ਅਤੇ ਵੱਖਵਾਦੀ ਸੰਗਠਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੈਪਿਡ ਐਕਸ਼ਨ ਬਟਾਲੀਅਨ ਦੇ ਅਨੁਸਾਰ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਬੰਦਰਬਨ ਅਤੇ ਰੰਗਮਤੀ ਜ਼ਿਲਿਆਂ ਦੇ ਵੱਖ-ਵੱਖ ਖੇਤਰਾਂ ਤੋਂ ਅੱਤਵਾਦੀ ਸਮੂਹ ਜਮਾਤੁਲ ਅੰਸਾਰ ਫਿਲ ਹਿੰਦਲ ਸ਼ਕੀਰਾ ਦੇ 7 ਮੈਂਬਰਾਂ ਅਤੇ ਪਹਾੜੀ ਵੱਖਵਾਦੀ ਸੰਗਠਨ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ।
ਆਰਏਬੀ ਮੀਡੀਆ ਵਿੰਗ ਦੇ ਡਾਇਰੈਕਟਰ ਕਮਾਂਡਰ ਖੰਡਾਕਰ ਅਲ ਮੋਈਨ ਨੇ ਕਿਹਾ ਕਿ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ, ਹਾਲਾਂਕਿ ਆਰਏਬੀ ਨੇ ਉਨ੍ਹਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦਰਬਨ ਦੇ ਰੂਮਾ ਅਤੇ ਰੋਵਾਂਗਚਰੀ ਖੇਤਰਾਂ 'ਚ ਸੈਲਾਨੀਆਂ ਦੇ ਆਉਣ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ।