ਹਥਿਆਰਬੰਦ ਲੁਟੇਰਿਆਂ ਨੇ ਆੜ੍ਹਤੀ ਦੀ ਦੁਕਾਨ ’ਤੇ ਕੀਤਾ ਹਮਲਾ, ਘਟਨਾ CCTV ''ਚ ਕੈਦ

11/23/2022 10:43:23 PM

ਸੈਲਾ ਖੁਰਦ (ਅਰੋੜਾ) : ਸਥਾਨਕ ਦਾਣਾ ਮੰਡੀ ’ਚ ਅੱਜ ਦੇਰ ਸ਼ਾਮ ਕਰੀਬ ਸਾਢੇ ਛੇ ਵਜੇ 7 ਤੋਂ 8 ਲੁਟੇਰਿਆਂ ਨੇ ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਉਥੇ ਬੈਠੇ 3 ਮੁਲਾਜ਼ਮਾਂ ’ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕਰ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਢਿੱਲੋਂ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਉਸ ਦਾ ਮੁੱਖ ਮੁਨੀਮ ਬਲਬੀਰ ਸਿੰਘ ਤੇ ਉਸ ਦਾ ਬਾਕੀ ਸਟਾਫ ਪਰਮਜੀਤ ਸਿੰਘ ਤੇ ਵਿਕਾਸ ਬੈਠੇ ਸਨ। ਇਸ ਦੌਰਾਨ 4 ਮੋਟਰਸਾਈਕਲਾਂ ’ਤੇ ਕਰੀਬ ਸੱਤ-ਅੱਠ ਨਕਾਬਪੋਸ਼ ਲੁਟੇਰੇ, ਜਿਨ੍ਹਾਂ ਵਿਚੋਂ ਦੋ ਤੋਂ ਤਿੰਨਾਂ ਦੇ ਕੋਲ ਪਿਸਤੌਲ ਤੇ ਬਾਕੀਆਂ ਕੋਲ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਨੇ ਆਉਂਦੇ ਸਾਰ ਹੀ ਦੁਕਾਨ ਦੇ ਸਟਾਫ ’ਤੇ ਧਾਵਾ ਬੋਲ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਉਨ੍ਹਾਂ ਦੇ ਦਰਾਜਾਂ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੁਕਾਨ ਦੇ ਤਿੰਨਾਂ ਮੁਲਾਜ਼ਮਾਂ ਦੇ ਮੋਬਾਇਲ ਫੋਨ ਤੇ ਇਕ ਦੀ ਜੇਬ ਵਿਚੋਂ ਜ਼ਬਰਦਸਤੀ ਪਰਸ ਕੱਢ ਲਿਆ। ਦੁਕਾਨ ਦਾ ਚੌਥਾ ਮੁਲਾਜ਼ਮ ਬਲਰਾਮ, ਜੋ ਦੁਕਾਨ ਤੋਂ ਕੁੱਝ ਦੂਰੀ ’ਤੇ ਸੀ, ਜਦੋਂ ਉਸ ਨੇ ਆਵਾਜ਼ਾਂ ਸੁਣੀਆਂ ਤਾਂ ਉਹ ਦੁਕਾਨ ਅੰਦਰ ਦਾਖਲ ਹੋਣ ਲੱਗਾ ਤਾਂ ਇਕ ਲੁਟੇਰੇ ਨੇ ਉਸ ਉੱਪਰ ਵੀ ਕਿਰਪਾਨ ਨਾਲ ਹਮਲਾ ਕਰ ਦਿੱਤਾ। ਮੁਲਾਜ਼ਮ ਵਿਕਾਸ ਨੇ ਦੱਸਿਆ ਕੇ ਉਸ ਦੇ ਪਰਸ ਵਿਚ ਕਰੀਬ ਪੰਜ ਹਜ਼ਾਰ ਰੁਪਏ ਦੀ ਨਕਦੀ ਸੀ। ਬਲਬੀਰ ਸਿੰਘ ਦੇ ਸਿਰ ਵਿਚ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ, ਜਿਸ ਨੂੰ ਨਜ਼ਦੀਕੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਸੀ. ਸੀ. ਟੀ. ਵੀ. ’ਚ ਕੈਦ ਹੋਈ ਲੁੱਟ ਦੀ ਪੂਰੀ ਵਾਰਦਾਤ

ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਲੁੱਟ ਦੀ ਪੂਰੀ ਘਟਨਾ ਕੈਦ ਹੋ ਗਈ। ਲੁਟੇਰਿਆਂ ਨੇ ਬਹੁਤ ਬੇਰਹਿਮੀ ਨਾਲ ਦੁਕਾਨ ਦੇ ਕਰਿੰਦਿਆਂ ’ਤੇ ਹਮਲਾ ਕੀਤਾ ਤੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਢਿੱਲੋਂ ਕਮਿਸ਼ਨ ਏਜੰਟ ਦੇ ਮੁਨੀਮ ਵੱਲੋਂ ਇਕ ਦਰਾਜ਼ ਦੀ ਚਾਬੀ ਲੁਟੇਰਿਆਂ ਨੂੰ ਨਾ ਦੇਣ ’ਤੇ ਵੀ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਮਾਹਿਲਪੁਰ ਜਸਵੰਤ ਸਿੰਘ ਤੇ ਸੈਲਾ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


Mandeep Singh

Content Editor

Related News