Breaking: ਪਟਿਆਲਾ ''ਚ ਹੋਈ ਬੇਅਦਬੀ, CCTV ''ਚ ਕੈਦ ਹੋਈ ਘਟਨਾ; ਪਿੰਡ ਵਾਸੀਆਂ ਨੇ ਦੋਸ਼ੀ ਨੂੰ ਕੀਤਾ ਕਾਬੂ(ਵੀਡੀਓ)

Saturday, Apr 20, 2024 - 08:56 AM (IST)

ਪਟਿਆਲਾ (ਕਮਲਜੀਤ): ਹਲਕਾ ਘਨੌਰ ਦੇ ਪਿੰਡ ਸੰਜਰਪੁਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਹੀ ਵਿਅਕਤੀ ਵੱਲੋਂ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਅਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਫਾੜ ਕੇ ਪਿੰਡ ਦੇ ਹੀ ਤਿੰਨ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਅਤੇ ਨਾਲੀਆਂ ਦੇ ਵਿਚ ਸੁੱਟੇ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਘਨੌਰ ਦੇ ਐੱਸ.ਐੱਚ.ਓ. ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਦੀ ਘਟਨਾ ਮਗਰੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕਾਂ ਲਈ ਆਦੇਸ਼ ਜਾਰੀ

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਿੱਖ ਸੰਗਤਾਂ ਨੇ ਦੱਸਿਆ ਕਿ ਪਿੰਡ ਸੰਜਰਪੁਰ ਦੇ ਵਿਚ ਦੋ-ਢਾਈ ਵਜੇ ਦੇ ਕਰੀਬ ਪਿੰਡ ਦੇ ਹੀ ਨਰਿੰਦਰ ਸਿੰਘ (42 ਸਾਲ) ਪੁੱਤਰ ਚੂਹੜ ਸਿੰਘ ਵੱਲੋਂ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਅਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਫਾੜ ਕੇ ਪਿੰਡ ਦੇ ਸਰਪੰਚ ਜੋਧ ਸਿੰਘ, ਤੇਜਿੰਦਰ ਸਿੰਘ ਦੇ ਡੰਗਰਾਂ ਵਾਲੇ ਘਰ, ਅਜੈਬ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਦੇ ਵਿਚ ਸੁੱਟ ਦਿੱਤੇ। ਉਨ੍ਹਾਂ ਕਿਹਾ ਕਿ ਜਦੋਂ ਸਵਾ ਤਿੰਨ ਵਜੇ ਦੇ ਕਰੀਬ ਸੇਵਾਦਾਰ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਰਸਤੇ ਦੇ ਵਿਚ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੁੱਟੇ ਹੋਏ ਸਨ। ਜਿਨ੍ਹਾਂ ਨੂੰ ਇਕੱਠੇ ਕਰਕੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਜਦੋਂ ਸਵੇਰੇ 7 ਵਜੇ ਸਿੱਖ ਸੰਗਤਾਂ ਦੇ ਵੱਲੋਂ ਇਕੱਠ ਕੀਤਾ ਗਿਆ ਤਾਂ ਪਿੰਡ ਦੇ ਹੀ ਇਕ ਵਿਅਕਤੀ ਨਰਿੰਦਰ ਸਿੰਘ ਜੋ ਸ਼ਮਸ਼ਾਨ ਘਾਟ ਦੇ ਵਿਚ ਅੱਗ ਦੀ ਧੂਣੀ ਬਾਲ ਕੇ ਬੈਠਾ ਸੀ, ਉਸ ਨੂੰ ਮੌਕੇ 'ਤੇ ਹੀ ਪਿੰਡ ਵਾਸੀਆਂ ਵੱਲੋਂ ਨੂੰ ਕਾਬੂ ਕੀਤਾ ਗਿਆ ਅਤੇ ਥਾਣਾ ਘਨੌਰ ਪੁਲਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਨੂੰ ਮੌਕੇ 'ਤੇ ਹੀ ਥਾਣਾ ਘਨੌਰ ਪੁਲਸ ਹਵਾਲੇ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਤੋਂ AAP ਉਮੀਦਵਾਰ ਟੀਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਚਰਨਜੀਤ ਚੰਨੀ 'ਤੇ ਕੱਸਿਆ ਤੰਜ

ਜਦੋਂ ਘਟਨਾ ਸਬੰਧੀ ਡੀ.ਐੱਸ.ਪੀ. ਘਨੌਰ ਬੂਟਾ ਸਿੰਘ ਨਾਲ ਫ਼ੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸੰਜਰਪੁਰ ਦੇ ਵਿਚ ਇਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਸਬੰਧੀ ਤੁਰੰਤ ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿਚ ਲਿਆਂਦਾ ਗਿਆ ਅਤੇ ਥਾਣਾ ਘਨੌਰ ਪੁਲਸ ਵੱਲੋਂ ਫੋਰੀ ਕਾਰਵਾਈ ਕਰਦਿਆਂ ਹੋਇਆਂ ਐੱਫ. ਆਈ. ਆਰ. ਨੰਬਰ 27 ਅਤੇ ਆਈ.ਪੀ.ਸੀ. ਧਾਰਾ 295 ਇਹ ਤਹਿਤ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਵੱਲੋਂ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News