ਬੱਚਿਆਂ ’ਚ ਇਕਾਗਰਤਾ ਤੇ ਧਿਆਨ ਵਧਾਉਣ ਲਈ ਕਰੋ ਇਹ 5 ਯੋਗ ਆਸਨ, ਪੜ੍ਹਾਈ ’ਚ ਵੀ ਲੱਗੇਗਾ ਮਨ

Saturday, Jan 27, 2024 - 02:45 PM (IST)

ਬੱਚਿਆਂ ’ਚ ਇਕਾਗਰਤਾ ਤੇ ਧਿਆਨ ਵਧਾਉਣ ਲਈ ਕਰੋ ਇਹ 5 ਯੋਗ ਆਸਨ, ਪੜ੍ਹਾਈ ’ਚ ਵੀ ਲੱਗੇਗਾ ਮਨ

ਜਲੰਧਰ (ਬਿਊਰੋ)– ਬਹੁਤ ਸਾਰੇ ਮਾਪੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ’ਚ ਧਿਆਨ ਦੀ ਘਾਟ ਹੈ। ਫਿਰ ਭਾਵੇਂ ਪੜ੍ਹਾਈ ਹੋਵੇ ਜਾਂ ਕੁਝ ਨਵਾਂ ਸਿੱਖਣਾ, ਉਹ ਕਿਸੇ ਵੀ ਚੀਜ਼ ’ਤੇ ਧਿਆਨ ਨਹੀਂ ਲਗਾ ਪਾਉਂਦੇ। ਅਕਸਰ ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਲਾਪਰਵਾਹ ਹੈ ਤੇ ਇਸ ਲਈ ਉਹ ਚੀਜ਼ਾਂ ਸਿੱਖਣਾ ਨਹੀਂ ਚਾਹੁੰਦਾ। ਹਾਲਾਂਕਿ ਕਈ ਵਾਰ ਇਹ ਸਹੀ ਕਾਰਨ ਨਹੀਂ ਹੁੰਦਾ। ਅਸਲ ’ਚ ਬਹੁਤ ਸਾਰੇ ਬੱਚਿਆਂ ’ਚ ਧਿਆਨ ਤੇ ਇਕਾਗਰਤਾ ਦੀ ਘਾਟ ਹੁੰਦੀ ਹੈ। ਇਸ ਕਾਰਨ ਉਹ ਕਿਸੇ ਵੀ ਕੰਮ ’ਤੇ ਧਿਆਨ ਨਹੀਂ ਦੇ ਪਾਉਂਦੇ। ਅਜਿਹੇ ਬੱਚੇ ਪੜ੍ਹਾਈ ’ਤੇ ਸਹੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ। ਨਤੀਜੇ ਵਜੋਂ ਉਨ੍ਹਾਂ ਦਾ ਨਤੀਜਾ ਮਾੜਾ ਹੁੰਦਾ ਹੈ। ਜੇਕਰ ਤੁਹਾਡੇ ਬੱਚੇ ’ਚ ਵੀ ਇਕਾਗਰਤਾ ਤੇ ਧਿਆਨ ਦੀ ਘਾਟ ਹੈ ਤਾਂ ਤੁਹਾਨੂੰ ਉਸ ਨੂੰ ਯੋਗਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਯੋਗਾ ਦੀ ਮਦਦ ਨਾਲ ਅਸੀਂ ਨਾ ਸਿਰਫ਼ ਸਰੀਰਕ ਤੌਰ ’ਤੇ ਤੰਦਰੁਸਤ ਰਹਿੰਦੇ ਹਾਂ, ਸਗੋਂ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਰਹਿੰਦੇ ਹਾਂ। ਕੁਝ ਯੋਗ ਆਸਨਾਂ ਰਾਹੀਂ ਇਕਾਗਰਤਾ ਵਧਾਈ ਜਾ ਸਕਦੀ ਹੈ। ਆਓ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਜਾਣਦੇ ਹਾਂ 5 ਯੋਗ ਆਸਨਾਂ ਬਾਰੇ, ਜੋ ਬੱਚਿਆਂ ਦੀ ਇਕਾਗਰਤਾ ਤੇ ਧਿਆਨ ਵਧਾਉਂਦੇ ਹਨ–

1. ਵ੍ਰਿਕਸ਼ਾਸਨ (ਟ੍ਰੀ ਪੋਜ਼)

  • ਇਸ ਆਸਨ ਨੂੰ ਕਰਨ ਲਈ ਪਹਿਲਾਂ ਯੋਗ ਮੈਟ ’ਤੇ ਸਿੱਧੇ ਖੜ੍ਹੇ ਹੋ ਜਾਓ।
  • ਹੁਣ ਆਪਣੀ ਸੱਜੀ ਲੱਤ ਨੂੰ ਗੋਡੇ ’ਤੇ ਮੋੜੋ ਤੇ ਖੱਬੀ ਲੱਤ ਦੇ ਪੱਟ ’ਤੇ ਸੱਜੇ ਪੈਰ ਦੇ ਤਲੇ ਨੂੰ ਛੂਹਣ ਦੀ ਕੋਸ਼ਿਸ਼ ਕਰੋ।
  • ਇਸ ਦੌਰਾਨ ਆਪਣੀ ਖੱਬੀ ਲੱਤ ’ਤੇ ਸਰੀਰ ਦੇ ਭਾਰ ਨੂੰ ਸੰਤੁਲਿਤ ਕਰੋ ਤੇ ਸਿੱਧੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰੋ।
  • ਫਿਰ ਇਕ ਲੰਮਾ ਤੇ ਡੂੰਘਾ ਸਾਹ ਲੈ ਕੇ ਆਪਣੇ ਦੋਵੇਂ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਓ ਤੇ ਨਮਸਕਾਰ ਦੀ ਸਥਿਤੀ ਬਣਾਓ।
  • ਇਸ ਦੌਰਾਨ ਰੀੜ੍ਹ ਦੀ ਹੱਡੀ, ਲੱਕ ਤੇ ਸਿਰ ਇਕ ਸਿੱਧੀ ਲਾਈਨ ’ਚ ਹੋਣੇ ਚਾਹੀਦੇ ਹਨ। ਕੁਝ ਦੇਰ ਇਸ ਪੋਜ਼ ’ਚ ਰਹੋ।
  • ਇਸ ਤੋਂ ਬਾਅਦ ਸਾਹ ਛੱਡਦਿਆਂ ਸ਼ੁਰੂਆਤੀ ਆਸਣ ’ਤੇ ਵਾਪਸ ਆ ਜਾਓ।
  • ਇਸ ਪ੍ਰਕਿਰਿਆ ਨੂੰ 4-5 ਵਾਰ ਦੁਹਰਾਓ।

2. ਬਾਲਾਸਨ (ਚਾਈਲਡ ਪੋਜ਼)

  • ਇਸ ਆਸਨ ਨੂੰ ਕਰਨ ਲਈ ਪਹਿਲਾਂ ਯੋਗ ਮੈਟ ’ਤੇ ਗੋਡਿਆਂ ਦੇ ਭਾਰ ਬੈਠੋ।
  • ਆਪਣੇ ਸਰੀਰ ਦਾ ਸਾਰਾ ਭਾਰ ਅੱਡੀ ’ਤੇ ਪਾਓ।
  • ਹੁਣ ਡੂੰਘਾ ਸਾਹ ਲਓ ਤੇ ਅੱਗੇ ਝੁਕੋ। ਧਿਆਨ ਰੱਖੋ ਕਿ ਤੁਹਾਡੀ ਛਾਤੀ ਪੱਟਾਂ ਨੂੰ ਛੂਹਣੀ ਚਾਹੀਦੀ ਹੈ।
  • ਫਿਰ ਆਪਣੇ ਮੱਥੇ ਨਾਲ ਫਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ।
  • ਕੁਝ ਸਕਿੰਟਾਂ ਲਈ ਇਸ ਸਥਿਤੀ ’ਚ ਰਹਿਣ ਤੋਂ ਬਾਅਦ ਆਮ ਸਥਿਤੀ ’ਚ ਵਾਪਸ ਆ ਜਾਓ।
  • ਤੁਸੀਂ ਇਸ ਪ੍ਰਕਿਰਿਆ ਨੂੰ 3-5 ਵਾਰ ਕਰ ਸਕਦੇ ਹੋ।

3. ਬਧਕੋਣਾਸਨ (ਬਟਰਫਲਾਈ ਪੋਜ਼)

  • ਅਜਿਹਾ ਕਰਨ ਲਈ ਜ਼ਮੀਨ ’ਤੇ ਬੈਠੋ ਤੇ ਆਪਣੀਆਂ ਲੱਤਾਂ ਨੂੰ ਸਿੱਧਾ ਕਰੋ।
  • ਹੁਣ ਆਪਣੇ ਗੋਡਿਆਂ ਨੂੰ ਮੋੜੋ ਤੇ ਦੋਵਾਂ ਪੈਰਾਂ ਦੇ ਤਲੇ ਇਕੱਠੇ ਕਰੋ।
  • ਇਸ ਤੋਂ ਬਾਅਦ ਪੈਰਾਂ ਦੀਆਂ ਉਂਗਲਾਂ ਨੂੰ ਦੋਵਾਂ ਹੱਥਾਂ ਨਾਲ ਫੜੋ।
  • ਹੁਣ ਪੈਰਾਂ ਨੂੰ ਉੱਪਰ ਤੇ ਹੇਠਾਂ ਵੱਲ ਹਿਲਾਓ। ਧਿਆਨ ਰੱਖੋ ਕਿ ਤੁਹਾਡੇ ਗੋਡੇ ਜ਼ਮੀਨ ਨੂੰ ਨਾ ਛੂਹਣ।
  • ਇਸ ਪ੍ਰਕਿਰਿਆ ਨੂੰ 20-25 ਵਾਰ ਦੁਹਰਾਓ।

4. ਵੀਰਭਦ੍ਰਾਸਨ (ਵਾਰੀਅਰ ਪੋਜ਼)

  • ਇਸ ਆਸਨ ਨੂੰ ਕਰਨ ਲਈ ਪਹਿਲਾਂ ਯੋਗ ਮੈਟ ’ਤੇ ਸਿੱਧੇ ਖੜ੍ਹੇ ਹੋ ਜਾਓ।
  • ਹੁਣ ਆਪਣੀਆਂ ਦੋਵੇਂ ਲੱਤਾਂ ਨੂੰ ਫੈਲਾਓ। ਲੱਤਾਂ ਵਿਚਕਾਰ 2-3 ਫੁੱਟ ਦੀ ਦੂਰੀ ਰੱਖੋ।
  • ਹੁਣ ਦੋਵੇਂ ਹੱਥਾਂ ਨੂੰ ਮੋਢਿਆਂ ਦੇ ਸਮਾਨਾਂਤਰ ਰੱਖੋ।
  • ਫਿਰ ਆਪਣੀ ਸੱਜੀ ਲੱਤ ਨੂੰ 90 ਡਿਗਰੀ ਦੇ ਕੋਣ ’ਤੇ ਘੁਮਾਓ। ਯਾਨੀ ਪੈਰ ਦੇ ਤਲੇ ਨੂੰ ਗੋਡੇ ਤੋਂ ਮੋੜ ਕੇ ਜ਼ਮੀਨ ’ਤੇ ਰੱਖੋ।
  • ਖੱਬੀ ਲੱਤ ਨੂੰ ਪਿੱਛੇ ਵੱਲ ਖਿੱਚੋ।
  • ਆਪਣੇ ਸਿਰ ਨੂੰ ਸੱਜੀ ਲੱਤ ਤੇ ਹੱਥ ਵੱਲ ਰੱਖੋ। ਫਿਰ ਸਾਹਮਣੇ ਵੱਲ ਦੇਖੋ।
  • 50-60 ਸਕਿੰਟ ਲਈ ਇਸ ਸਥਿਤੀ ’ਚ ਰਹੋ।
  • ਫਿਰ ਸ਼ੁਰੂਆਤੀ ਸਥਿਤੀ ’ਤੇ ਵਾਪਸ ਆਓ।
  • ਤੁਸੀਂ ਇਸ ਪ੍ਰਕਿਰਿਆ ਨੂੰ 3-5 ਵਾਰ ਕਰ ਸਕਦੇ ਹੋ।

5. ਗਰੁੜਾਸਨ (ਈਗਲ ਪੋਜ਼)

  • ਇਸ ਆਸਨ ਨੂੰ ਕਰਨ ਲਈ ਯੋਗ ਮੈਟ ’ਤੇ ਤਾੜਾਸਨ ਸਥਿਤੀ ’ਚ ਖੜ੍ਹੇ ਹੋਵੋ।
  • ਹੁਣ ਆਪਣੀ ਖੱਬੀ ਲੱਤ ਨੂੰ ਸੱਜੀ ਲੱਤ ਦੇ ਉੱਪਰ ਟਿਕਾਓ।
  • ਆਪਣੇ ਦੋਵੇਂ ਹੱਥ ਉੱਪਰ ਚੁੱਕੋ ਤੇ ਸੱਜੇ ਹੱਥ ਦੀ ਬਾਂਹ ਨੂੰ ਖੱਬੇ ਹੱਥ ਦੇ ਪਿੱਛੇ ਲਓ।
  • ਹੁਣ ਨਮਸਕਾਰ ਦੀ ਸਥਿਤੀ ’ਚ ਹੱਥ ਜੋੜਨ ਦੀ ਕੋਸ਼ਿਸ਼ ਕਰੋ।
  • ਲਗਭਗ 30-40 ਸਕਿੰਟਾਂ ਲਈ ਇਸ ਸਥਿਤੀ ’ਚ ਰਹੋ।
  • ਇਸ ਤੋਂ ਬਾਅਦ ਹੌਲੀ-ਹੌਲੀ ਆਪਣੀ ਸ਼ੁਰੂਆਤੀ ਸਥਿਤੀ ’ਤੇ ਵਾਪਸ ਆਓ।
  • ਤੁਸੀਂ ਇਸ ਆਸਨ ਨੂੰ 5 ਵਾਰ ਦੁਹਰਾਓ।

ਨੋਟ– ਤੁਸੀਂ ਆਪਣੇ ਬੱਚਿਆਂ ’ਚ ਇਕਾਗਰਤਾ ਤੇ ਧਿਆਨ ਵਧਾਉਣ ਲਈ ਕੀ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News