ਕਸਰਤ ਕਰਨ ਸਮੇਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਰੀਰ ਨੂੰ ਹੋਣਗੇ ਲਾਭ
Tuesday, May 25, 2021 - 06:45 PM (IST)

ਨਵੀਂ ਦਿੱਲੀ- ਅੱਜ ਹਰ ਕੋਈ ਜਾਣਦਾ ਹੈ ਕਿ ਯੋਗਾ ਕਰਨ ਦਾ ਸਾਡੇ ਸਰੀਰ ਨੂੰ ਬਹੁਤ ਲਾਭ ਹੈ। ਅਸੀਂ ਰੋਜ਼ਾਨਾ ਸੁਣਦੇ ਹਾਂ ਕਿ ਕਸਰਤ ਕਰਨ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ, ਦਿਮਾਗ ਤੇਜ਼ ਹੁੰਦਾ ਹੈ ਅਤੇ ਚੁਸਤੀ ਰਹਿੰਦੀ ਹੈ। ਇਸ ਦੇ ਨਾਲ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕਸਰਤ ਜਾਂ ਯੋਗ ਕਰਨ ਲਈ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਆਓ ਇਨ੍ਹਾਂ ਬਾਰੇ ਜਾਣਦੇ ਹਾਂ।
ਕਸਰਤ ਕਰਨ ਲਈ ਸਭ ਤੋਂ ਵਧੀਆ ਸਮਾਂ ਹੈ ਸਵੇਰ ਦਾ ਕਿਉਂਕਿ ਇਸ ਸਮੇਂ ਸਾਡਾ ਸਰੀਰ ਪੂਰਾ ਆਰਾਮ ਕਰ ਚੁੱਕਾ ਹੁੰਦਾ ਹੈ। ਇਸ ਸਮੇਂ ਸਰੀਰ ਚੰਗਾ ਮਹਿਸੂਸ ਕਰਦਾ ਹੈ। ਕਸਰਤ ਕਰਨ ਸਮੇਂ ਕੱਪੜੇ ਖੁੱਲ੍ਹੇ ਪਾਉਣੇ ਚਾਹੀਦੇ ਹਨ। ਜੇਕਰ ਤੁਸੀਂ ਤੰਗ ਕੱਪੜੇ ਪਾਓਗੇ ਤਾਂ ਲਚਕ ਵਾਲੀ ਕਸਰਤ ਨਹੀਂ ਕੀਤੀ ਜਾ ਸਕੇਗੀ। ਇਸ ਲਈ ਕੋਸ਼ਿਸ਼ ਕਰੋ ਕਿ ਯੋਗ ਜਾਂ ਕਸਰਤ ਕਰਨ ਸਮੇਂ ਕੱਪੜੇ ਖੁੱਲ੍ਹੇ ਹੋਣ ਤੰਗ ਨਹੀਂ।
ਹਮੇਸ਼ਾਂ ਖੁੱਲ੍ਹੀ ਜਗ੍ਹਾ 'ਤੇ ਬੈਠ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਤਾਜ਼ੀ ਹਵਾ ਲੈ ਸਕੋਗੇ ਅਤੇ ਨਾਲ ਦੇ ਨਾਲ ਤੁਹਾਡਾ ਦਿਮਾਗ ਵੀ ਚੰਗਾ ਮਹਿਸੂਸ ਕਰੇਗਾ ਕਿਉਂਕਿ ਜੇਕਰ ਇਕ ਕਮਰੇ ਵਿਚ ਹੀ ਬੈਠ ਕੇ ਕਸਰਤ ਕਰੋਗੇ ਤਾਂ ਇਸ ਨਾਲ ਦਿਮਾਗ ਚੁਸਤ ਨਹੀਂ ਹੋਵੇਗਾ।
ਕਸਰਤ ਕਰਨ ਤੋਂ ਇਕ ਘੰਟਾ ਪਹਿਲਾਂ ਅਤੇ ਬਾਅਦ ਵਿਚ ਕੁੱਝ ਵੀ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਨਹਾਉਣਾ ਚਾਹੀਦਾ ਹੈ। ਇਸ ਤਰ੍ਹਾਂ ਸਰੀਰ ਗਰਮ-ਸਰਦ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਬੀਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਜਦ ਸ਼ੁਰੂ ਵਿਚ ਕਸਰਤ ਕਰੋ ਤਾਂ ਇਸ ਨੂੰ ਥੋੜੇ ਸਮੇਂ ਲਈ ਹੀ ਕਰਨਾ ਚਾਹੀਦਾ ਹੈ। ਭਾਵ 30 ਮਿੰਟ ਤੋਂ ਵੱਧ ਕਸਰਤ ਨਹੀਂ ਕਰਨੀ ਚਾਹੀਦੀ। ਜ਼ਿਆਦਾ ਸਮੇਂ ਤਕ ਕਸਰਤ ਕਰਨ ਨਾਲ ਸਰੀਰ ਥੱਕ ਜਾਂਦਾ ਹੈ ਅਤੇ ਬੁਖ਼ਾਰ ਵੀ ਚੜ੍ਹ ਜਾਂਦਾ ਹੈ। ਇਨ੍ਹਾਂ ਸਾਵਧਾਨੀਆਂ ਦੇ ਨਾਲ ਹੀ ਤੁਹਾਨੂੰ ਕਸਰਤ ਜਾਂ ਯੋਗ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।