ਸਰਦੀਆਂ ''ਚ ਕਿੰਨੀ ਵਾਰ ਚਾਹ ਪੀਣਾ ਹੈ ਸਹੀ?
Saturday, Dec 13, 2025 - 03:46 PM (IST)
ਹੈਲਥ ਡੈਸਕ- ਸਰਦੀਆਂ ਆਉਂਦੇ ਹੀ ਚਾਹ ਪੀਣ ਦਾ ਮਨ ਆਪੇ ਹੀ ਬਣ ਜਾਂਦਾ ਹੈ। ਠੰਢ 'ਚ ਚਾਹ ਦੀ ਇਕ ਕੱਪ ਸਰੀਰ ਨੂੰ ਗਰਮੀ ਦਿੰਦੀ ਹੈ, ਥਕਾਵਟ ਦੂਰ ਕਰਦੀ ਹੈ ਅਤੇ ਮਨ ਨੂੰ ਤਾਜ਼ਗੀ ਮਹਿਸੂਸ ਕਰਵਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ?
ਸਰਦੀਆਂ 'ਚ ਚਾਹ ਪੀਣ ਦੇ ਫਾਇਦੇ
ਚਾਹ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ। ਗਰਮ ਚਾਹ ਸਰੀਰ ਨੂੰ ਗਰਮ ਰੱਖਦੀ ਹੈ, ਸਰਦੀ-ਜ਼ੁਕਾਮ ਤੋਂ ਬਚਾਅ ਕਰਦੀ ਹੈ ਅਤੇ ਥਕਾਵਟ ਦੂਰ ਕਰਦੀ ਹੈ। ਅਦਰਕ ਜਾਂ ਇਲਾਇਚੀ ਵਾਲੀ ਚਾਹ ਸਰਦੀਆਂ 'ਚ ਖ਼ਾਸ ਤੌਰ ‘ਤੇ ਫਾਇਦੇਮੰਦ ਮੰਨੀ ਜਾਂਦੀ ਹੈ, ਜੋ ਗਲੇ ਦੀ ਖਰਾਸ਼ ਅਤੇ ਖੰਘ 'ਚ ਰਾਹਤ ਦਿੰਦੀ ਹੈ। ਮਾਹਿਰਾਂ ਦੇ ਅਨੁਸਾਰ ਰੋਜ਼ਾਨਾ 2–3 ਕੱਪ ਚਾਹ ਪੀਣ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਤਣਾਅ ਘੱਟ ਹੁੰਦਾ ਹੈ।
ਕਿੰਨੀ ਚਾਹ ਪੀਣਾ ਸੁਰੱਖਿਅਤ ਹੈ?
ਸਿਹਤ ਮਾਹਿਰ ਮੁਤਾਬਕ ਇਕ ਦਿਨ 'ਚ 3 ਤੋਂ 4 ਕੱਪ ਚਾਹ ਜ਼ਿਆਦਾਤਰ ਲੋਕਾਂ ਲਈ ਸੁਰੱਖਿਅਤ ਹੁੰਦੀ ਹੈ। ਇਕ ਕੱਪ ਦਾ ਮਤਲਬ ਲਗਭਗ 200–250 ਮਿ.ਲੀ. ਹੈ। ਸਰਦੀਆਂ 'ਚ ਕਈ ਲੋਕ 5–6 ਕੱਪ ਜਾਂ ਇਸ ਤੋਂ ਵੀ ਵੱਧ ਚਾਹ ਪੀ ਲੈਂਦੇ ਹਨ, ਜੋ ਸਿਹਤ ਲਈ ਠੀਕ ਨਹੀਂ। ਕੈਫੀਨ ਦੀ ਸੁਰੱਖਿਅਤ ਮਾਤਰਾ ਦਿਨ 'ਚ ਕਰੀਬ 400 ਮਿ.ਲੀ. ਮੰਨੀ ਜਾਂਦੀ ਹੈ, ਜੋ ਲਗਭਗ 4 ਕੱਪ ਚਾਹ 'ਚ ਹੁੰਦੀ ਹੈ। ਬੱਚਿਆਂ, ਗਰਭਵਤੀ ਔਰਤਾਂ ਅਤੇ ਬੀਮਾਰ ਲੋਕਾਂ ਨੂੰ ਚਾਹ ਘੱਟ ਮਾਤਰਾ 'ਚ ਹੀ ਪੀਣੀ ਚਾਹੀਦੀ ਹੈ।
ਜ਼ਿਆਦਾ ਚਾਹ ਪੀਣ ਦੇ ਨੁਕਸਾਨ
ਹੱਦ ਤੋਂ ਵੱਧ ਚਾਹ ਪੀਣ ਨਾਲ ਕੈਫੀਨ ਦੇ ਕਾਰਨ ਨੀਂਦ ਨਾ ਆਉਣਾ, ਬੇਚੈਨੀ ਅਤੇ ਸਿਰ ਦਰਦ ਹੋ ਸਕਦਾ ਹੈ। ਚਾਹ 'ਚ ਟੈਨਿਨ ਹੁੰਦਾ ਹੈ, ਜੋ ਸਰੀਰ 'ਚ ਆਇਰਨ ਦੇ ਸ਼ੋਸ਼ਣ ਨੂੰ ਰੋਕਦਾ ਹੈ, ਜਿਸ ਨਾਲ ਖੂਨ ਦੀ ਕਮੀ (ਅਨੀਮੀਆ) ਹੋ ਸਕਦੀ ਹੈ। ਇਸ ਤੋਂ ਇਲਾਵਾ ਪੇਟ 'ਚ ਜਲਣ, ਕਬਜ਼ ਅਤੇ ਐਸਿਡਿਟੀ ਦੀ ਸਮੱਸਿਆ ਵੀ ਵੱਧ ਸਕਦੀ ਹੈ। ਸਰਦੀਆਂ 'ਚ ਜ਼ਿਆਦਾ ਚਾਹ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਖ਼ਤਰਾ ਵੀ ਬਣ ਜਾਂਦਾ ਹੈ। ਲੰਬੇ ਸਮੇਂ ਤੱਕ ਜ਼ਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋਣ ਅਤੇ ਪੇਟ ਦੀਆਂ ਦਿੱਕਤਾਂ ਵਧਣ ਦੀ ਸੰਭਾਵਨਾ ਰਹਿੰਦੀ ਹੈ। ਦੁੱਧ ਅਤੇ ਖੰਡ ਵਾਲੀ ਚਾਹ ਭਾਰ ਵੀ ਵਧਾ ਸਕਦੀ ਹੈ।
ਸਹੀ ਤਰੀਕੇ ਨਾਲ ਚਾਹ ਪੀਣ ਲਈ ਟਿਪਸ
ਚਾਹ ਖਾਣੇ ਨਾਲ ਨਾ ਪੀਓ, ਖਾਣੇ ਤੋਂ ਘੱਟੋ-ਘੱਟ ਇਕ ਘੰਟੇ ਬਾਅਦ ਪੀਓ, ਤਾਂ ਜੋ ਆਇਰਨ ਚੰਗੀ ਤਰ੍ਹਾਂ ਜ਼ਜ਼ਬ ਹੋ ਸਕੇ।
- ਘੱਟ ਖੰਡ ਪਾਓ ਜਾਂ ਬਿਨਾਂ ਖੰਡ ਦੀ ਚਾਹ ਪੀਓ।
- ਅਦਰਕ, ਤੁਲਸੀ ਜਾਂ ਹਰਬਲ ਚਾਹ ਨੂੰ ਤਰਜੀਹ ਦਿਓ।
- ਜੇ ਚਾਹ ਜ਼ਿਆਦਾ ਪੀਣ ਦੀ ਆਦਤ ਹੈ, ਤਾਂ ਹੌਲੀ-ਹੌਲੀ ਮਾਤਰਾ ਘਟਾਓ।
- ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
