ਜਾਣੋ ਸਰਦੀਆਂ ''ਚ ਕਿਸ ਸਮੇਂ ਧੁੱਪ ਸੇਕਣਾ ਸਭ ਤੋਂ ਵੱਧ ਲਾਹੇਵੰਦ, ਮਿਲੇਗਾ ਭਰਪੂਰ ਵਿਟਾਮਿਨ-D
Friday, Nov 28, 2025 - 10:08 AM (IST)
ਹੈਲਥ ਡੈਸਕ- ਵਿਟਾਮਿਨ D ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਇਹ ਹੱਡੀਆਂ, ਮਾਸਪੇਸ਼ੀਆਂ, ਇਮਿਊਨ ਸਿਸਟਮ ਅਤੇ ਮੂਡ ਨੂੰ ਮਜ਼ਬੂਤ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕੁਦਰਤੀ ਧੁੱਪ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ ਅਤੇ ਕੁਝ ਮਿੰਟਾਂ 'ਚ ਹੀ ਚਮੜੀ ਵਿਚ ਵਿਟਾਮਿਨ D ਬਣਨਾ ਸ਼ੁਰੂ ਹੋ ਜਾਂਦਾ ਹੈ। ਪਰ ਧੁੱਪ ਹਰ ਵੇਲੇ ਇਕੋ ਜਿਹੀ ਲਾਭਦਾਇਕ ਨਹੀਂ ਹੁੰਦੀ, ਇਸ ਲਈ ਸਹੀ ਸਮੇਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
10 ਵਜੇ ਤੋਂ 3 ਵਜੇ ਤੱਕ ਦੀ ਧੁੱਪ ਸਭ ਤੋਂ ਫ਼ਾਇਦੇਮੰਦ
ਅਕਸਰ ਲੋਕ ਸੋਚਦੇ ਹਨ ਕਿ ਸਵੇਰੇ ਸਵੇਰੇ ਦੀ ਹਲਕੀ ਧੁੱਪ ਚੰਗੀ ਹੁੰਦੀ ਹੈ, ਪਰ ਰਿਸਰਚ ਦਾ ਕਹਿਣਾ ਹੈ ਕਿ ਵਿਟਾਮਿਨ D ਬਣਾਉਣ ਲਈ 10 ਵਜੇ ਤੋਂ 3 ਵਜੇ ਤੱਕ ਦੀ ਧੁੱਪ ਸਭ ਤੋਂ ਉਤਮ ਮੰਨੀ ਜਾਂਦੀ ਹੈ। ਇਸ ਸਮੇਂ ਸੂਰਜ ਸਿੱਧਾ ਉੱਪਰ ਹੁੰਦਾ ਹੈ, ਜਿਸ ਨਾਲ UVB ਕਿਰਣਾਂ ਸਿੱਧੀਆਂ ਚਮੜੀ 'ਤੇ ਪੈਂਦੀਆਂ ਹਨ। ਸਵੇਰ 7 ਵਜੇ ਵਾਲੀ ਧੁੱਪ ਕਾਫ਼ੀ ਹਲਕੀ ਹੁੰਦੀ ਹੈ, ਜਿਸ ਨਾਲ ਵਿਟਾਮਿਨ D ਬਣਨ ਦੀ ਗਤੀ ਘੱਟ ਰਹਿੰਦੀ ਹੈ।
ਧੁੱਪ 'ਚ ਕਿੰਨਾ ਸਮਾਂ ਰਹਿਣਾ ਚਾਹੀਦਾ ਹੈ?
- ਧੁੱਪ 'ਚ ਰਹਿਣ ਦਾ ਸਮਾਂ ਚਮੜੀ ਦੇ ਰੰਗ, ਉਮਰ, ਮੌਸਮ ਅਤੇ ਸਥਾਨ 'ਤੇ ਨਿਰਭਰ ਕਰਦਾ ਹੈ।
- ਹਲਕੀ ਚਮੜੀ ਵਾਲੇ ਲੋਕ ਹਫ਼ਤੇ 'ਚ ਕੁਝ ਵਾਰ 5–30 ਮਿੰਟ ਲਈ ਚਿਹਰਾ, ਹੱਥ ਅਤੇ ਪੈਰ ਧੁੱਪ 'ਚ ਰੱਖ ਸਕਦੇ ਹਨ।
- ਗੂੜ੍ਹੇ ਰੰਗ ਵਾਲੇ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਧੁੱਪ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਸਿਹਤ ਦਾ ਖਜ਼ਾਨਾ ਹਨ ਕਾਜੂ, ਕੀ ਤੁਹਾਨੂੰ ਪਤਾ ਹੈ ਖਾਣ ਦਾ ਸਹੀ ਤਰੀਕਾ?
ਸਰਦੀਆਂ ਅਤੇ ਪਹਾੜੀ ਇਲਾਕਿਆਂ 'ਚ ਵੱਖਰੀ ਸਾਵਧਾਨੀ
ਸਰਦੀਆਂ ਅਤੇ ਉੱਚਾਈ ਵਾਲੇ ਇਲਾਕਿਆਂ 'ਚ ਸੂਰਜ ਦੀ ਕਿਰਣਾਂ ਦਾ ਐਂਗਲ ਬਦਲ ਜਾਂਦਾ ਹੈ, ਜਿਸ ਕਰਕੇ ਦੁਪਹਿਰ ਦੀ ਧੁੱਪ ਵੀ ਹਮੇਸ਼ਾ ਕਾਫ਼ੀ ਨਹੀਂ ਹੁੰਦੀ। ਇਸ ਦੌਰਾਨ ਬਹੁਤ ਸਾਰੇ ਲੋਕ ਖੁਰਾਕ ਜਾਂ ਸਪਲੀਮੈਂਟਾਂ ਰਾਹੀਂ ਵਿਟਾਮਿਨ D ਦੀ ਘਾਟ ਪੂਰੀ ਕਰਦੇ ਹਨ।
ਸੁਰੱਖਿਅਤ ਢੰਗ ਨਾਲ ਧੁੱਪ ਕਿਵੇਂ ਸੇਕਣੀ ਚਾਹੀਦੀ ਹੈ?
- ਦੁਪਹਿਰ ਨੂੰ ਥੋੜ੍ਹੇ ਸਮੇਂ ਲਈ ਧੁੱਪ 'ਚ ਰਹਿਣਾ ਸਭ ਤੋਂ ਵਧੀਆ ਹੈ।
- ਬਹੁਤ ਦੇਰ ਤੱਕ ਤਿੱਖੀ ਧੁੱਪ 'ਚ ਰਹਿਣ ਨਾਲ ਸਕਿਨ ਬਰਨ ਅਤੇ ਸਕਿਨ ਕੈਂਸਰ ਦਾ ਖਤਰਾ ਵੱਧ ਸਕਦਾ ਹੈ।
- ਜੇ ਲੰਮੇ ਸਮੇਂ ਲਈ ਬਾਹਰ ਰਹਿਣਾ ਹੋਵੇ, ਤਾਂ ਸਨਸਕ੍ਰੀਨ, ਟੋਪੀ ਅਤੇ ਹਲਕੇ ਕਪੜੇ ਜ਼ਰੂਰ ਪਹਿਨੋ।
- ਕੱਚ ਦੇ ਪਿੱਛੇ ਬੈਠ ਕੇ ਧੁੱਪ ਸੇਕਣ ਨਾਲ ਵਿਟਾਮਿਨ D ਨਹੀਂ ਬਣਦਾ, ਕਿਉਂਕਿ UVB ਕਿਰਣਾਂ ਅੰਦਰ ਨਹੀਂ ਆਉਂਦੀਆਂ।
- ਸਨਸਕ੍ਰੀਨ ਵਿਟਾਮਿਨ D ਬਣਨ ਨੂੰ ਪੂਰੀ ਤਰ੍ਹਾਂ ਨਹੀਂ ਰੋਕਦੀ, ਇਹ ਸਿਰਫ਼ ਸੁਰੱਖਿਆ ਦਿੰਦੀ ਹੈ।
ਕਿਹੜੇ ਲੋਕਾਂ ਨੂੰ ਧੁੱਪ 'ਚ ਰਹਿਣਾ ਨਹੀਂ ਚਾਹੀਦਾ?
ਜਿਨ੍ਹਾਂ ਦੀ ਚਮੜੀ ਸੰਵੇਦਨਸ਼ੀਲ ਹੈ, ਜਿਨ੍ਹਾਂ ਨੂੰ ਸਨਬਰਨ ਜਾਂ ਸਕਿਨ ਐਲਰਜੀ ਦੀ ਸਮੱਸਿਆ ਹੈ, ਜਾਂ ਜੋ ਕੁਝ ਦਵਾਈਆਂ ਕਾਰਨ UV ਕਿਰਣਾਂ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ਨੂੰ ਤਿੱਖੀ ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਛੋਟੇ ਬੱਚੇ, ਵੱਡੇ ਬਜ਼ੁਰਗ, ਅਤੇ ਗੰਭੀਰ ਹਿਰਦੇ ਜਾਂ ਥਾਇਰਾਇਡ ਬੀਮਾਰੀ ਵਾਲੇ ਲੋਕਾਂ ਨੂੰ ਵੀ ਧੁੱਪ 'ਚ ਲੰਮਾ ਸਮਾਂ ਰਹਿਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
