ਤੁਹਾਡਾ ਮੋਬਾਈਲ ਬਣ ਰਿਹਾ ਹੈ 'ਸਾਈਲੈਂਟ ਕਿਲਰ'! 6 ਘੰਟੇ ਤੋਂ ਵੱਧ ਸਕ੍ਰੀਨ ਟਾਈਮ ਸਿੱਧਾ ਦਿਲ 'ਤੇ ਕਰ ਰਿਹਾ ਹੈ ਵਾਰ

Wednesday, Apr 08, 2026 - 11:49 AM (IST)

ਤੁਹਾਡਾ ਮੋਬਾਈਲ ਬਣ ਰਿਹਾ ਹੈ 'ਸਾਈਲੈਂਟ ਕਿਲਰ'! 6 ਘੰਟੇ ਤੋਂ ਵੱਧ ਸਕ੍ਰੀਨ ਟਾਈਮ ਸਿੱਧਾ ਦਿਲ 'ਤੇ ਕਰ ਰਿਹਾ ਹੈ ਵਾਰ

ਹੈਲਥ ਡੈਸਕ - ਅੱਜ ਦੇ ਡਿਜੀਟਲ ਯੁੱਗ 'ਚ ਜੇਕਰ ਤੁਸੀਂ ਵੀ ਦਿਨ ਭਰ ਮੋਬਾਈਲ, ਲੈਪਟਾਪ ਜਾਂ ਟੀਵੀ ਸਕ੍ਰੀਨ ਸਾਹਮਣੇ ਘੰਟਿਆਂ ਬੱਧੀ ਸਮਾਂ ਬਿਤਾਉਂਦੇ ਹੋ, ਤਾਂ ਸਾਵਧਾਨ ਹੋ ਜਾਓ। ਇਕ ਖੋਜ ਨੇ 2026 ਦੇ ਸਾਲਾਨਾ ਵਿਗਿਆਨਕ ਸੈਸ਼ਨ (ACC.26) 'ਚ ਪੇਸ਼ ਕੀਤੀ ਗਈ ਇਕ ਨਵੀਂ ਸਟੱਡੀ ਨੇ ਆਧੁਨਿਕ ਜੀਵਨ ਸ਼ੈਲੀ ਨੂੰ ਲੈ ਕੇ ਚਿੰਤਾਜਨਕ ਖੁਲਾਸੇ ਕੀਤੇ ਹਨ। ਖੋਜ ਅਨੁਸਾਰ, ਰੋਜ਼ਾਨਾ 6 ਘੰਟੇ ਤੋਂ ਵੱਧ ਦਾ ਸਕ੍ਰੀਨ ਟਾਈਮ ਤੁਹਾਡੇ ਦਿਲ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ, ਭਾਵੇਂ ਤੁਸੀਂ ਸਰੀਰਕ ਤੌਰ 'ਤੇ ਸਰਗਰਮ ਹੀ ਕਿਉਂ ਨਾ ਹੋਵੋ।

ਖੋਜ ਦੇ ਹੈਰਾਨ ਕਰਨ ਵਾਲੇ ਅੰਕੜੇ

ਇਹ ਅਧਿਐਨ ਮੁੱਖ ਤੌਰ 'ਤੇ ਨੌਜਵਾਨਾਂ ਦੀਆਂ ਡਿਜੀਟਲ ਆਦਤਾਂ ਅਤੇ ਉਨ੍ਹਾਂ ਦੇ ਦਿਲ ਦੀ ਸਿਹਤ ਵਿਚਕਾਰ ਸਬੰਧ ਨੂੰ ਸਮਝਣ ਲਈ ਕੀਤਾ ਗਿਆ ਸੀ। ਪਾਕਿਸਤਾਨ ਦੇ ਕਰਾਚੀ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ 'ਚ ਰਹਿਣ ਵਾਲੇ ਲਗਭਗ 35 ਸਾਲ ਦੀ ਉਮਰ ਦੇ 382 ਲੋਕਾਂ 'ਤੇ ਇਹ ਰਿਸਰਚ ਕੀਤੀ ਗਈ। ਖੋਜ 'ਚ ਪਾਇਆ ਗਿਆ ਕਿ ਜੋ ਲੋਕ ਦਿਨ 'ਚ 6 ਘੰਟੇ ਤੋਂ ਵੱਧ ਸਕ੍ਰੀਨ ਦੀ ਵਰਤੋਂ ਕਰਦੇ ਹਨ, ਉਨ੍ਹਾਂ 'ਚ ਹੇਠ ਲਿਖੇ ਬਦਲਾਅ ਦੇਖੇ ਗਏ :-

ਬਲੱਡ ਪ੍ਰੈਸ਼ਰ 
- ਔਸਤ ਬਲੱਡ ਪ੍ਰੈਸ਼ਰ 'ਚ 18 mmHg ਤੱਕ ਦਾ ਵਾਧਾ।

ਕੋਲੇਸਟ੍ਰੋਲ
- ਖਰਾਬ ਕੋਲੇਸਟ੍ਰੋਲ ਦਾ ਪੱਧਰ 28 mg/dL ਜ਼ਿਆਦਾ, ਜਦੋਂ ਕਿ ਚੰਗਾ ਕੋਲੇਸਟ੍ਰੋਲ 3.9 mg/dL ਘੱਟ ਪਾਇਆ ਗਿਆ।

ਮੋਟਾਪਾ
- ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਵਾਲਿਆਂ 'ਚ ਕਮਰ ਦਾ ਘੇਰਾ ਅਤੇ ਬਾਡੀ ਮਾਸ ਇੰਡੈਕਸ ਕਾਫ਼ੀ ਵਧਿਆ ਹੋਇਆ ਸੀ।

ਸਿਰਫ਼ ਸਕ੍ਰੀਨ ਹੀ ਨਹੀਂ, ਬੁਰੀਆਂ ਆਦਤਾਂ ਵੀ ਹਨ ਜ਼ਿੰਮੇਵਾਰ

ਬਹੁਤ ਜ਼ਿਆਦਾ ਸਕ੍ਰੀਨ ਦੀ ਵਰਤੋਂ ਨਾ ਸਿਰਫ਼ ਸਿੱਧੇ ਤੌਰ 'ਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਹ ਹੋਰ ਜਾਨਲੇਵਾ ਆਦਤਾਂ ਨੂੰ ਵੀ ਜਨਮ ਦਿੰਦੀ ਹੈ। ਰਿਸਰਚ ਮੁਤਾਬਕ :-

ਨਸ਼ਾ
- 6 ਘੰਟੇ ਤੋਂ ਵੱਧ ਸਕ੍ਰੀਨ ਦੇਖਣ ਵਾਲਿਆਂ 'ਚ ਸਿਗਰੇਟ ਅਤੇ ਵੇਪਿੰਗ ਦੀ ਲਤ 25% ਪਾਈ ਗਈ, ਜਦੋਂ ਕਿ ਘੱਟ ਸਕ੍ਰੀਨ ਦੇਖਣ ਵਾਲਿਆਂ 'ਚ ਇਹ ਸਿਰਫ਼ 12% ਸੀ।

ਨੀਂਦ ਦੀ ਕਮੀ
- ਡਿਜੀਟਲ ਉਪਕਰਨਾਂ ਦੀ ਵਰਤੋਂ ਨੀਂਦ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦੀ ਹੈ।

ਖ਼ਰਾਬ ਖਾਣ-ਪੀਣ
- ਸਕ੍ਰੀਨ ਦੇ ਸਾਹਮਣੇ ਬੈਠ ਕੇ 'ਬਿੰਜ ਈਟਿੰਗ' (ਬਿਨਾਂ ਸੋਚੇ-ਸਮਝੇ ਖਾਣਾ) ਨਾਲ ਦਿਲ ਦੇ ਰੋਗਾਂ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ।

ਮਾਹਿਰਾਂ ਦੀ ਸਲਾਹ: ਦਿਲ ਨੂੰ ਕਿਵੇਂ ਰੱਖੀਏ ਸਿਹਤਮੰਦ?

- ਕਾਰਡੀਓਲੋਜਿਸਟਸ ਦਾ ਮੰਨਣਾ ਹੈ ਕਿ ਡਿਜੀਟਲ ਯੁੱਗ 'ਚ 'ਸੰਤੁਲਨ' ਹੀ ਬਚਾਅ ਦਾ ਇਕੋ ਇਕ ਰਸਤਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਇਹ ਬਦਲਾਅ ਜ਼ਰੂਰੀ ਹਨ :-

6 ਘੰਟੇ ਦਾ ਨਿਯਮ
- ਮਨੋਰੰਜਨ ਲਈ ਸਕ੍ਰੀਨ ਦੀ ਵਰਤੋਂ ਰੋਜ਼ਾਨਾ 6 ਘੰਟੇ ਤੋਂ ਘੱਟ ਕਰਨ ਦਾ ਟੀਚਾ ਰੱਖੋ।

ਡਿਜੀਟਲ ਡੀਟੌਕਸ
- ਸੌਂ ਕੇ ਉੱਠਣ ਦੇ ਪਹਿਲੇ ਘੰਟੇ ਅਤੇ ਸੌਣ ਤੋਂ ਇਕ ਘੰਟਾ ਪਹਿਲਾਂ ਫ਼ੋਨ ਨੂੰ ਆਪਣੇ ਤੋਂ ਦੂਰ ਰੱਖੋ।

ਐਕਟਿਵ ਕਾਲ
- ਫ਼ੋਨ 'ਤੇ ਗੱਲ ਕਰਦੇ ਸਮੇਂ ਬੈਠਣ ਦੀ ਬਜਾਏ ਟਹਿਲਣ ਦੀ ਆਦਤ ਪਾਓ।

ਕਸਰਤ
- ਹਫ਼ਤੇ 'ਚ ਘੱਟੋ-ਘੱਟ 150 ਮਿੰਟ ਸਰੀਰਕ ਗਤੀਵਿਧੀ ਲਾਜ਼ਮੀ ਕਰੋ।

 ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
 


author

Sunaina

Content Editor

Related News