ਲੋੜ ਤੋਂ ਵਧ ਪਾਣੀ ਪੀਣਾ ਵੀ ਸਿਹਤ ਲਈ ਹੋ ਸਕਦੈ ਜਾਨਲੇਵਾ! ਜਾਣੋ ਕਾਰਨ
Wednesday, Apr 08, 2026 - 12:04 PM (IST)
ਹੈਲਥ ਡੈਸਕ - ਅਕਸਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਚੰਗੀ ਸਿਹਤ, ਚਮਕਦਾਰ ਚਮੜੀ ਅਤੇ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲੋੜ ਤੋਂ ਵੱਧ ਪਾਣੀ ਪੀਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ ਦੀ ਬਜਾਏ 'ਧੀਮਾ ਜ਼ਹਿਰ' ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ, ਜਦੋਂ ਅਸੀਂ ਆਪਣੀ ਸਮਰੱਥਾ ਤੋਂ ਵੱਧ ਪਾਣੀ ਪੀਂਦੇ ਹਾਂ, ਤਾਂ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਵਿਗੜ ਜਾਂਦਾ ਹੈ, ਜਿਸ ਨਾਲ ਖੂਨ 'ਚ ਸੋਡੀਅਮ ਦਾ ਪੱਧਰ ਡਿੱਗ ਸਕਦਾ ਹੈ। ਡਾਕਟਰੀ ਵਿਗਿਆਨ 'ਚ ਇਸ ਸਥਿਤੀ ਨੂੰ 'Hyponatremia' ਕਿਹਾ ਜਾਂਦਾ ਹੈ।
ਇਕ ਦਿਨ 'ਚ ਕਿੰਨਾ ਪਾਣੀ ਹੈ ਕਾਫ਼ੀ?
ਹਰ ਵਿਅਕਤੀ ਦੇ ਸਰੀਰ ਦੀ ਪਾਣੀ ਦੀ ਲੋੜ ਉਸਦੀ ਉਮਰ, ਭਾਰ ਅਤੇ ਸਰੀਰਕ ਗਤੀਵਿਧੀਆਂ 'ਤੇ ਨਿਰਭਰ ਕਰਦੀ ਹੈ। ਖੋਜਾਂ ਮੁਤਾਬਕ ਪੁਰਸ਼ਾਂ ਨੂੰ ਦਿਨ ਭਰ 'ਚ ਲਗਭਗ 3.7 ਲੀਟਰ ਅਤੇ ਔਰਤਾਂ ਨੂੰ 2.7 ਲੀਟਰ ਤਰਲ ਪਦਾਰਥਾਂ (ਜਿਸ 'ਚ ਭੋਜਨ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਸ਼ਾਮਲ ਹਨ) ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੀ ਖੁਰਾਕ 'ਚ ਫਲ ਅਤੇ ਸਬਜ਼ੀਆਂ ਦੀ ਮਾਤਰਾ ਜ਼ਿਆਦਾ ਹੈ, ਤਾਂ ਤੁਹਾਨੂੰ ਅਲੱਗ ਤੋਂ ਘੱਟ ਪਾਣੀ ਪੀਣ ਦੀ ਲੋੜ ਪੈ ਸਕਦੀ ਹੈ।
ਇਹ 4 ਸੰਕੇਤ ਦੱਸਣਗੇ ਕਿ ਪਾਣੀ 'ਜ਼ਹਿਰ' ਬਣ ਰਿਹਾ ਹੈ :-
ਲਗਾਤਾਰ ਸਿਰਦਰਦ ਅਤੇ ਭਾਰੀਪਨ
- ਸਰੀਰ 'ਚ ਸੋਡੀਅਮ ਦੀ ਕਮੀ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ 'ਚ ਹਲਕੀ ਸੋਜ ਆ ਸਕਦੀ ਹੈ, ਜਿਸ ਨਾਲ ਸਿਰ 'ਚ ਭਾਰੀਪਨ ਜਾਂ ਲਗਾਤਾਰ ਸਿਰਦਰਦ ਰਹਿ ਸਕਦਾ ਹੈ।
ਜੀ ਮਿਚਲਾਉਣਾ ਜਾਂ ਉਲਟੀ
- ਪੇਟ 'ਚ ਜ਼ਿਆਦਾ ਤਰਲ ਹੋਣ ਕਾਰਨ ਪਾਚਨ ਪ੍ਰਣਾਲੀ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਉਲਟੀ ਜਾਂ ਜੀ ਮਿਚਲਾਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਹੱਥਾਂ-ਪੈਰਾਂ 'ਚ ਸੋਜ
- ਜਦੋਂ ਗੁਰਦੇ ਵਾਧੂ ਪਾਣੀ ਨੂੰ ਬਾਹਰ ਕੱਢਣ 'ਚ ਅਸਮਰੱਥ ਹੁੰਦੇ ਹਨ, ਤਾਂ ਹੱਥਾਂ, ਪੈਰਾਂ ਜਾਂ ਬੁੱਲ੍ਹਾਂ 'ਤੇ ਸੋਜ ਦਿਖਾਈ ਦੇਣ ਲੱਗਦੀ ਹੈ।
ਪੇਸ਼ਾਬ ਦਾ ਰੰਗ ਬਦਲਣਾ
- ਜੇਕਰ ਤੁਸੀਂ ਦਿਨ 'ਚ 8-10 ਵਾਰ ਤੋਂ ਵੱਧ ਪੇਸ਼ਾਬ ਜਾਂਦੇ ਹੋ ਅਤੇ ਇਸ ਦਾ ਰੰਗ ਪਾਣੀ ਵਾਂਗ ਬਿਲਕੁਲ ਸਫੈਦ ਹੈ, ਤਾਂ ਇਹ ਓਵਰਹਾਈਡ੍ਰੇਸ਼ਨ ਦਾ ਸਪੱਸ਼ਟ ਸੰਕੇਤ ਹੈ। ਸਿਹਤਮੰਦ ਸਰੀਰ ਲਈ ਪੇਸ਼ਾਬ ਦਾ ਰੰਗ ਹਲਕਾ ਪੀਲਾ ਹੋਣਾ ਚਾਹੀਦਾ ਹੈ।
