ਗਰਮੀਆਂ ’ਚ ‘ਮਿੱਠੇ ਜ਼ਹਿਰ’ ਤੋਂ ਘੱਟ ਨਹੀਂ ਇਹ ਚੀਜ਼ਾਂ, ਸਿਹਤਮੰਦ ਰਹਿਣ ਲਈ ਅੱਜ ਹੀ ਡਾਈਟ ’ਚੋਂ ਕੱਢੋ ਬਾਹਰ
Tuesday, May 16, 2023 - 01:01 PM (IST)
ਜਲੰਧਰ (ਬਿਊਰੋ)– ਸਰੀਰ ਦੇ ਕੰਮ ਕਰਨ ਦੇ ਤਰੀਕੇ ’ਚ ਮੌਸਮ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤੁਸੀਂ ਜੋ ਵੀ ਖਾਂਦੇ-ਪੀਂਦੇ ਹੋ, ਉਸ ਦਾ ਅਸਰ ਸਰੀਰ ’ਤੇ ਪੈਂਦਾ ਹੈ। ਦਰਅਸਲ ਮੌਸਮ ਤੇ ਸਹੀ ਖਾਣ-ਪੀਣ ਦਾ ਸੁਮੇਲ ਤੁਹਾਡੇ ਸਰੀਰ ਲਈ ਬਾਲਣ ਦਾ ਕੰਮ ਕਰਦਾ ਹੈ। ਦੂਜੇ ਪਾਸੇ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਜੇਕਰ ਬੇਮੌਸਮੀ ਸੇਵਨ ਕੀਤਾ ਜਾਵੇ ਤਾਂ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ।
ਇਸ ਸਮੇਂ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਦੌਰਾਨ ਹਦਵਾਣਾ, ਨਿੰਬੂ ਪਾਣੀ, ਲੱਸੀ ਵਰਗੀਆਂ ਠੰਡੀਆਂ ਚੀਜ਼ਾਂ ਖਾਣ-ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਹਾਲਾਂਕਿ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਤੁਹਾਨੂੰ ਗਰਮੀਆਂ ’ਚ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜੋ ਹੇਠ ਲਿਖੇ ਅਨੁਸਾਰ ਹਨ–
ਕੌਫੀ
ਜੇਕਰ ਤੁਸੀਂ ਇਸ ਤੇਜ ਗਰਮੀ ਦੌਰਾਨ ਹਾਈਡ੍ਰੇਟਿਡ ਰਹਿਣਾ ਚਾਹੁੰਦੇ ਹੋ ਤਾਂ ਕੌਫੀ ਦੇ ਸੇਵਨ ਤੋਂ ਬਚੋ। ਗਰਮੀਆਂ ’ਚ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਕੌਫੀ ਸਰੀਰ ਨੂੰ ਡੀਹਾਈਡ੍ਰੇਟ ਕਰਦੀ ਹੈ। ਕੌਫੀ ਸਰੀਰ ਦੇ ਤਾਪਮਾਨ ਨੂੰ ਵਧਾ ਸਕਦੀ ਹੈ। ਇਹ ਪਾਚਨ ਪ੍ਰਣਾਲੀ ਨੂੰ ਪ੍ਰੇਸ਼ਾਨ ਕਰ ਸਕਦੀ ਹੈ।
ਅਚਾਰ
ਅਚਾਰ ’ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦੀ ਹੈ। ਇਸ ਤੋਂ ਇਲਾਵਾ ਗਰਮੀਆਂ ’ਚ ਜ਼ਿਆਦਾ ਅਚਾਰ ਖਾਣ ਨਾਲ ਬਦਹਜ਼ਮੀ ਵੀ ਹੋ ਸਕਦੀ ਹੈ।
ਸੋਡਾ
ਗਰਮੀਆਂ ’ਚ ਕਾਰਬੋਨੇਟਿਡ ਡਰਿੰਕਸ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਬੇਸ਼ੱਕ ਇਨ੍ਹਾਂ ਨੂੰ ਪੀਣਾ ਮਜ਼ੇਦਾਰ ਹੈ ਪਰ ਇਹ ਗੈਰ-ਸਿਹਤਮੰਦ ਹਨ। ਸੋਡੇ ’ਚ ਚੀਨੀ ਤੇ ਹੋਰ ਬਹੁਤ ਸਾਰੀਆਂ ਗੈਰ-ਸਿਹਤਮੰਦ ਚੀਜ਼ਾਂ ਹੁੰਦੀਆਂ ਹਨ, ਜੋ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦੀਆਂ ਹਨ। ਅਜਿਹੇ ’ਚ ਮਿੱਠੇ ਪੀਣ ਵਾਲੇ ਪਦਾਰਥ ਸ਼ੂਗਰ ਤੇ ਮੋਟਾਪੇ ਦਾ ਕਾਰਨ ਬਣਦੇ ਹਨ।
ਸਿਰਫ਼ ਜੂਸ ਪੀਣਾ
ਜੂਸ ਪੀਣ ਨਾਲ ਮਨ ਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਪਰ ਤੁਹਾਨੂੰ ਗਰਮੀਆਂ ’ਚ ਸਿਰਫ਼ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ’ਚ ਫਾਈਬਰ ਨਹੀਂ ਹੁੰਦੇ। ਤੁਹਾਨੂੰ ਜੂਸ ਦੇ ਨਾਲ ਫਲਾਂ ਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਪੋਸ਼ਕ ਤੱਤ ਵਧਦੇ ਹਨ ਤੇ ਢਿੱਡ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।
ਸ਼ਰਾਬ ਜਾਂ ਬੀਅਰ
ਸ਼ਰਾਬ ਦੇ ਕਈ ਸਾਈਡ ਇਫੈਕਟ ਹੁੰਦੇ ਹਨ ਪਰ ਗਰਮੀਆਂ ’ਚ ਲੋਕ ਬੀਅਰ ਬਹੁਤ ਜ਼ਿਆਦਾ ਪੀਂਦੇ ਹਨ। ਗਰਮੀਆਂ ’ਚ ਸ਼ਰਾਬ ਪੀਣ ਨਾਲ ਡੀਹਾਈਡ੍ਰੇਸ਼ਨ, ਸਿਰਦਰਦ, ਸੁੱਕਾ ਮੂੰਹ ਆਦਿ ਦੇ ਲੱਛਣ ਹੋ ਸਕਦੇ ਹਨ। ਨਾਲ ਹੀ ਸ਼ਰਾਬ ਦਾ ਸੇਵਨ ਸਰੀਰ ਨੂੰ ਗਰਮ ਕਰਦਾ ਹੈ ਤੇ ਸਰੀਰ ’ਚ ਪਸੀਨਾ ਵੱਧ ਸਕਦਾ ਹੈ। ਪਸੀਨਾ ਆਉਣ ਨਾਲ ਡੀਹਾਈਡ੍ਰੇਸ਼ਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
ਇਨ੍ਹਾਂ ਚੀਜ਼ਾਂ ਨੂੰ ਵੀ ਖਾਣ ਤੋਂ ਬਚੋ
ਉੱਪਰ ਦੱਸੀਆਂ ਚੀਜ਼ਾਂ ਤੋਂ ਇਲਾਵਾ ਗਰਮੀਆਂ ਦੇ ਮੌਸਮ ’ਚ ਜ਼ਿਆਦਾ ਨਮਕ ਤੇ ਜ਼ਿਆਦਾ ਨਮਕੀਨ ਚੀਜ਼ਾਂ, ਮਿਲਕਸ਼ੇਕ, ਤਲੇ ਹੋਏ ਭੋਜਨ, ਜੰਕ ਫੂਡ, ਆਈਸਕ੍ਰੀਮ, ਅੰਬ ਤੇ ਮੀਟ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਨੋਟ– ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।