ਸਰੀਰ 'ਚ ਪਾਣੀ ਦੀ ਘਾਟ ਹੋਣ ਕਰਕੇ ਨਜ਼ਰ ਆਉਂਦੇ ਨੇ ਇਹ ਲੱਛਣ

Friday, Dec 27, 2024 - 03:04 PM (IST)

ਸਰੀਰ 'ਚ ਪਾਣੀ ਦੀ ਘਾਟ ਹੋਣ ਕਰਕੇ ਨਜ਼ਰ ਆਉਂਦੇ ਨੇ ਇਹ ਲੱਛਣ

ਹੈਲਥ ਡੈਸਕ- ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਹਰ ਮੌਸਮ 'ਚ ਬਦਲਦੀਆਂ ਰਹਿੰਦੀਆਂ ਹਨ। ਸਰਦੀਆਂ ਆਉਂਦਿਆਂ ਹੀ ਲੋਕ ਗਰਮ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ। ਸਰਦੀਆਂ ਦੇ ਮੌਸਮ 'ਚ ਲੋਕ ਚਾਹ ਅਤੇ ਕੌਫੀ ਦੀ ਜ਼ਿਆਦਾ ਵਰਤੋਂ ਕਰਨ ਲੱਗਦੇ ਹਨ ਅਤੇ ਪਾਣੀ ਘੱਟ ਪੀਂਦੇ ਹਨ। ਠੰਡੇ ਮੌਸਮ ਕਾਰਨ ਵਿਅਕਤੀ ਨੂੰ ਘੱਟ ਪਿਆਸ ਲੱਗਦੀ ਹੈ। ਇਹੀ ਕਾਰਨ ਹੈ ਕਿ ਲੋਕ ਆਪਣੀ ਲਿਕਵਿਡ ਡਾਈਟ ਵੱਲ ਧਿਆਨ ਨਹੀਂ ਦਿੰਦੇ। ਸਰਦੀਆਂ ਵਿੱਚ ਪਿਆਸ ਘੱਟ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ। ਸਰਦੀਆਂ ਵਿੱਚ ਵੀ ਸਰੀਰ ਨੂੰ ਓਨੇ ਹੀ ਪਾਣੀ ਦੀ ਲੋੜ ਹੁੰਦੀ ਹੈ। ਘੱਟ ਪਾਣੀ ਪੀਣ ਨਾਲ ਤੁਸੀਂ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਪਾਣੀ ਘੱਟ ਪੀ ਰਹੇ ਹੋ ਤਾਂ ਸਰੀਰ 'ਚ ਇਹ ਲੱਛਣ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ- ਮੂਲੀ ਦੇ ਪਰਾਂਠੇ ਨਾਲ ਭੁੱਲ ਕੇ ਨਾ ਕਰੋ ਚਾਹ ਦਾ ਸੇਵਨ
ਸਿਰ ਦਰਦ
ਜੇਕਰ ਤੁਹਾਨੂੰ ਸਿਰ ਵਿੱਚ ਭਾਰੀਪਨ ਜਾਂ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਸਮਝੋ ਕਿ ਤੁਸੀਂ ਪਾਣੀ ਘੱਟ ਪੀ ਰਹੇ ਹੋ। ਸਰੀਰ 'ਚ ਪਾਣੀ ਦੀ ਕਮੀ ਕਾਰਨ ਅਕਸਰ ਸਿਰ ਦਰਦ ਹੁੰਦਾ ਹੈ। ਸਰੀਰ 'ਚ ਪਾਣੀ ਦੀ ਕਮੀ ਕਾਰਨ ਦਿਮਾਗ ਦੇ ਸੈੱਲ ਸੁੰਗੜਨ ਲੱਗ ਜਾਂਦੇ ਹਨ। ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਸਰੀਰ ਵਿੱਚ ਪਾਣੀ ਦੀ ਕਮੀ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਡਰਾਈ ਸਕਿਨ
ਸਰਦੀਆਂ ਵਿੱਚ ਘੱਟ ਪਾਣੀ ਪੀਣ ਦਾ ਇੱਕ ਹੋਰ ਲੱਛਣ ਸਕਿਨ ਦਾ ਰੁੱਖਾਪਨ ਵਧਣਾ ਹੈ। ਸਰਦੀਆਂ ਵਿੱਚ ਚਮੜੀ ਦਾ ਖੁਸ਼ਕ ਹੋਣਾ ਇੱਕ ਆਮ ਗੱਲ ਹੈ ਪਰ ਜੇਕਰ ਅਜਿਹਾ ਅਕਸਰ ਹੁੰਦਾ ਰਹਿੰਦਾ ਹੈ ਅਤੇ ਚਮੜੀ 'ਤੇ ਪਾਪੜੀ ਜੰਮ ਰਹੀ ਹੈ ਤਾਂ ਇਹ ਪਾਣੀ ਦੀ ਕਮੀ ਕਾਰਨ ਹੋ ਸਕਦਾ ਹੈ। ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਦੀ ਚਮੜੀ ਖੁਸ਼ਕ ਹੋ ਸਕਦੀ ਹੈ। ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਪੀਲਾ ਪਿਸ਼ਾਬ ਆਉਣਾ
ਜੇਕਰ ਪਿਸ਼ਾਬ ਦਾ ਰੰਗ ਬਹੁਤ ਪੀਲਾ ਹੈ ਅਤੇ ਪਿਸ਼ਾਬ ਘੱਟ ਆ ਰਿਹਾ ਹੈ। ਜੇਕਰ ਪਿਸ਼ਾਬ ਕਰਨ ਤੋਂ ਬਾਅਦ ਜਲਨ ਹੁੰਦੀ ਹੈ ਤਾਂ ਸਮਝੋ ਸਰੀਰ 'ਚ ਪਾਣੀ ਦੀ ਕਮੀ ਹੈ। ਪਾਣੀ ਘੱਟ ਪੀਣ ਨਾਲ ਪਿਸ਼ਾਬ 'ਤੇ ਤੁਰੰਤ ਅਸਰ ਪੈਂਦਾ ਹੈ। ਸਰੀਰ 'ਚ ਪਾਣੀ ਦੀ ਕਮੀ ਨਾਲ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਪਿਸ਼ਾਬ ਦਾ ਰੰਗ ਗੂੜਾ ਪੀਲਾ ਹੈ, ਤਾਂ ਤੁਹਾਨੂੰ ਤੁਰੰਤ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਘੱਟ ਪਾਣੀ ਪੀ ਰਹੇ ਹੋ।

ਇਹ ਵੀ ਪੜ੍ਹੋ-ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼
ਮੂੰਹ ਸੁਕਣਾ
ਜੇਕਰ ਤੁਹਾਡੇ ਬੁੱਲ੍ਹ ਬਹੁਤ ਜ਼ਿਆਦਾ ਫਟ ਰਹੇ ਹਨ, ਵਾਰ-ਵਾਰ ਸੁੱਕ ਰਹੇ ਹਨ ਜਾਂ ਤੁਹਾਡਾ ਗਲਾ ਸੁੱਕ ਰਿਹਾ ਹੈ, ਤਾਂ ਸਮਝ ਜਾਓ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਹੈ। ਜੇਕਰ ਤੁਹਾਨੂੰ ਮੂੰਹ 'ਚ ਖੁਸ਼ਕੀ ਮਹਿਸੂਸ ਹੁੰਦੀ ਹੈ ਤਾਂ ਸਮਝ ਲਓ ਸਰੀਰ 'ਚ ਪਾਣੀ ਦੀ ਕਮੀ ਹੈ। ਸੁੱਕੇ ਮੂੰਹ ਦਾ ਮਤਲਬ ਹੈ ਕਿ ਲਾਰ ਦੀਆਂ ਗ੍ਰੰਥੀਆਂ ਪਾਣੀ ਦੀ ਕਮੀ ਕਾਰਨ ਲਾਰ ਦੀ ਸਹੀ ਮਾਤਰਾ ਪੈਦਾ ਨਹੀਂ ਕਰ ਰਹੀਆਂ ਹਨ। ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਓ।
ਦਿਲ 'ਚ ਭਾਰੀਪਨ
ਸਰੀਰ 'ਚ ਲੰਬੇ ਸਮੇਂ ਤੱਕ ਪਾਣੀ ਦੀ ਕਮੀ ਹੋਣ ਨਾਲ ਖੂਨ ਦੀ ਮਾਤਰਾ ਵੀ ਪ੍ਰਭਾਵਿਤ ਹੁੰਦੀ ਹੈ। ਅਜਿਹੇ 'ਚ ਦਿਲ ਨੂੰ ਖੂਨ ਦੀ ਸਪਲਾਈ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਅਤੇ ਭਾਰੀਪਣ ਮਹਿਸੂਸ ਹੁੰਦਾ ਹੈ। ਕਈ ਵਾਰ ਸੈਰ ਕਰਦੇ ਸਮੇਂ ਦਿਲ ਦੀ ਧੜਕਣ ਵੱਧ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News