ਇਨ੍ਹਾਂ ਫ਼ਲਾਂ-ਸਬਜ਼ੀਆਂ ’ਚ ਸੰਤਰੇ ਨਾਲੋਂ ਕਿਤੇ ਵੱਧ ਹੁੰਦੈ ਵਿਟਾਮਿਨ ਸੀ, ਜਾਣੋ ਸਿਹਤ ਲਈ ਕਿਉਂ ਹੈ ਜ਼ਰੂਰੀ
Thursday, Jul 27, 2023 - 03:29 PM (IST)
ਜਲੰਧਰ (ਬਿਊਰੋ)– ਵਿਟਾਮਿਨ ਸੀ ਇਕ ਜ਼ਰੂਰੀ ਵਿਟਾਮਿਨ ਹੈ, ਜਿਸ ਦੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹ ਵਿਟਾਮਿਨ ਸਾਡੇ ਸਰੀਰ ਨੂੰ ਕੁਝ ਪ੍ਰਭਾਵਸ਼ਾਲੀ ਸਿਹਤ ਲਾਭ ਪ੍ਰਦਾਨ ਕਰਦਾ ਹੈ। ਇਹ ਇਕ ਮਜ਼ਬੂਤ ਐਂਟੀ-ਆਕਸੀਡੈਂਟ ਹੈ, ਜੋ ਕਈ ਪੁਰਾਣੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ। ਵਿਟਾਮਿਨ ਸੀ ਤੁਹਾਡੇ ਇਮਿਊਨ ਸਿਸਟਮ ਦੀ ਸਿਹਤ ਲਈ ਵੀ ਮਹੱਤਵਪੂਰਨ ਹੈ। ਇਹ ਪਾਣੀ ’ਚ ਘੁਲਣਸ਼ੀਲ ਵਿਟਾਮਿਨ ਹੈ, ਜੋ ਬਹੁਤ ਸਾਰੇ ਫ਼ਲਾਂ ਤੇ ਸਬਜ਼ੀਆਂ ’ਚ ਪਾਇਆ ਜਾਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ ਬਾਲਗ ਪੁਰਸ਼ਾਂ ਨੂੰ 90 ਮਿਲੀਗ੍ਰਾਮ ਤੇ ਬਾਲਗ ਔਰਤਾਂ ਨੂੰ 75 ਮਿਲੀਗ੍ਰਾਮ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ। ਇਕ ਮੱਧਮ ਆਕਾਰ ਦੇ ਸੰਤਰੇ ’ਚ 70 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਹਾਲਾਂਕਿ ਕਈ ਹੋਰ ਕੁਦਰਤੀ ਸਰੋਤ ਹਨ, ਜਿਨ੍ਹਾਂ ’ਚ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ।
ਉਹ ਭੋਜਨ ਜਿਨ੍ਹਾਂ ’ਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ–
1. ਕੀਵੀ
ਪੋਸ਼ਣ ਵਿਗਿਆਨੀਆਂ ਦੇ ਅਨੁਸਾਰ ਲਗਭਗ ਦੋ ਕੀਵੀਜ਼ ’ਚ 137 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਕੀਵੀ ਫਾਈਬਰ ਦਾ ਇਕ ਵਧੀਆ ਸਰੋਤ ਵੀ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਰੋਕਣ ’ਚ ਮਦਦ ਕਰ ਸਕਦਾ ਹੈ। ਕੀਵੀ ਦਿਲ ਦੀ ਸਿਹਤ ਨੂੰ ਵਧਾਉਣ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵੀ ਜਾਣਿਆ ਜਾਂਦਾ ਹੈ।
2. ਪਪੀਤਾ
ਪਪੀਤਾ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਫ਼ਲ ’ਚ ਇਕ ਮਜ਼ਬੂਤ ਐਂਟੀ-ਆਕਸੀਡੈਂਟ ਪ੍ਰਭਾਵ ਵੀ ਹੁੰਦਾ ਹੈ, ਜੋ ਕਈ ਬੀਮਾਰੀਆਂ ਦੇ ਜੋਖ਼ਮ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ। ਪੋਸ਼ਣ ਵਿਗਿਆਨੀਆਂ ਦੇ ਅਨੁਸਾਰ ਕੱਟੇ ਹੋਏ ਪਪੀਤੇ ਦੇ ਲਗਭਗ ਇਕ ਕੱਪ ’ਚ 88 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ।
3. ਅਮਰੂਦ
ਅਮਰੂਦ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਸੁਆਦੀ ਫ਼ਲ ਹੈ। ਇਕ ਅਮਰੂਦ ’ਚ ਲਗਭਗ 126 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਅਮਰੂਦ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ, ਦਿਲ ਦੀ ਸਿਹਤ ਨੂੰ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਭਾਰ ਘਟਾਉਣ ’ਚ ਮਦਦ ਮਿਲ ਸਕਦੀ ਹੈ।
4. ਅਨਾਨਾਸ
ਅਨਾਨਾਸ ’ਚ ਪਾਚਨ ਕਿਰਿਆ ਵਾਲੇ ਐਨਜ਼ਾਈਮ ਹੁੰਦੇ ਹਨ। ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਤੇ ਸੋਜ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ। ਅਨਾਨਾਸ ਵਿਟਾਮਿਨ ਬੀ6, ਪੋਟਾਸ਼ੀਅਮ, ਕਾਪਰ ਤੇ ਥਿਆਮਿਨ ਨਾਲ ਭਰਪੂਰ ਹੁੰਦਾ ਹੈ। ਇਕ ਕੱਪ ਕੱਟੇ ਹੋਏ ਅਨਾਨਾਸ ’ਚ 79 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ।
5. ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਵੀ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਇਕ ਮੱਧਮ ਆਕਾਰ ਦੀ ਲਾਲ ਸ਼ਿਮਲਾ ਮਿਰਚ ’ਚ ਇਹ ਵਿਟਾਮਿਨ 152 ਮਿਲੀਗ੍ਰਾਮ ਹੁੰਦਾ ਹੈ। ਤੁਸੀਂ ਕਈ ਤਰ੍ਹਾਂ ਦੇ ਭੋਜਨਾਂ ’ਚ ਸ਼ਿਮਲਾ ਮਿਰਚ ਮਿਲਾ ਸਕਦੇ ਹੋ।
ਨੋਟ– ਤੁਸੀਂ ਵਿਟਾਮਿਨ ਸੀ ਦੀ ਘਾਟ ਨੂੰ ਪੂਰਾ ਕਰਨ ਲਈ ਕਿਹੜੇ ਫ਼ਲ ਤੇ ਸਬਜ਼ੀਆਂ ਖਾਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।