ਸ਼ੂਗਰ ਦੇ ਮਰੀਜ਼ਾਂ ਲਈ ਮੌਤ ਦੇ ਬਰਾਬਰ ਹਨ ਇਹ ਗਲਤੀਆਂ ! ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ

Tuesday, Apr 07, 2026 - 08:45 AM (IST)

ਸ਼ੂਗਰ ਦੇ ਮਰੀਜ਼ਾਂ ਲਈ ਮੌਤ ਦੇ ਬਰਾਬਰ ਹਨ ਇਹ ਗਲਤੀਆਂ ! ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ

ਹੈਲਥ ਡੈਸਕ - ਅੱਜ ਦੇ ਸਮੇਂ 'ਚ ਡਾਇਬਿਟੀਜ਼ (ਸ਼ੂਗਰ) ਹਰ ਉਮਰ ਦੇ ਲੋਕਾਂ 'ਚ ਤੇਜ਼ੀ ਨਾਲ ਵਧ ਰਹੀ ਹੈ। ਜੇਕਰ ਇਸ ਨੂੰ ਸਮੇਂ ਸਿਰ ਕੰਟਰੋਲ ਨਾ ਕੀਤਾ ਜਾਵੇ, ਤਾਂ ਇਸ ਦੇ ਗੰਭੀਰ ਸਿੱਟੇ ਸਰੀਰ ਦੇ ਕਈ ਅੰਗਾਂ 'ਤੇ ਪੈ ਸਕਦੇ ਹਨ। ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਕਿਡਨੀ (ਗੁਰਦੇ) ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਅੰਗਾਂ 'ਚੋਂ ਇਕ ਹੈ। ਡਾਕਟਰਾਂ ਅਨੁਸਾਰ ਜੇਕਰ ਮਰੀਜ਼ ਇਨ੍ਹਾਂ ਚਾਰ ਮੁੱਖ ਗਲਤੀਆਂ ਤੋਂ ਬਚਣ, ਤਾਂ ਉਹ ਕਿਡਨੀ ਫੇਲ੍ਹ ਹੋਣ ਦੇ ਖਤਰੇ ਨੂੰ ਟਾਲ ਸਕਦੇ ਹਨ।

ਸ਼ੂਗਰ ਲੈਵਲ ਨੂੰ ਨਜ਼ਰਅੰਦਾਜ਼ ਕਰਨਾ

ਸ਼ੂਗਰ ਦੇ ਮਰੀਜ਼ਾਂ ਦੀ ਸਭ ਤੋਂ ਵੱਡੀ ਗਲਤੀ ਆਪਣੇ ਬਲੱਡ ਸ਼ੂਗਰ ਲੈਵਲ ਦੀ ਨਿਯਮਤ ਜਾਂਚ ਨਾ ਕਰਨਾ ਹੈ। ਜੇਕਰ ਸ਼ੂਗਰ ਦਾ ਪੱਧਰ ਲਗਾਤਾਰ ਵਧਿਆ ਰਹੇ, ਤਾਂ ਇਹ ਕਿਡਨੀ ਦੇ ਫਿਲਟਰਿੰਗ ਸਿਸਟਮ ਅਤੇ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਹੌਲੀ-ਹੌਲੀ ਕਿਡਨੀ ਫੇਲ੍ਹ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ-ਸ਼ਾਮ ਸ਼ੂਗਰ ਚੈੱਕ ਕਰਨਾ ਅਤੇ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

ਜ਼ਿਆਦਾ ਨਮਕ ਅਤੇ ਪ੍ਰੋਸੈਸਡ ਫੂਡ ਦਾ ਸੇਵਨ

ਫਾਸਟ ਫੂਡ, ਪ੍ਰੋਸੈਸਡ ਫੂਡ ਅਤੇ ਨਮਕ ਦੀ ਜ਼ਿਆਦਾ ਵਰਤੋਂ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ, ਜੋ ਸਿੱਧਾ ਕਿਡਨੀ 'ਤੇ ਦਬਾਅ ਪਾਉਂਦੀ ਹੈ। ਨਮਕ ਦੀ ਜ਼ਿਆਦਾ ਮਾਤਰਾ ਕਿਡਨੀ ਦੀਆਂ ਫਿਲਟਰ ਇਕਾਈਆਂ (ਨੇਫ੍ਰੋਨਸ) ਨੂੰ ਖਰਾਬ ਕਰ ਸਕਦੀ ਹੈ। ਮਰੀਜ਼ਾਂ ਨੂੰ ਤਾਜ਼ੇ ਫਲ, ਸਬਜ਼ੀਆਂ ਅਤੇ ਘੱਟ ਨਮਕ ਵਾਲੇ ਖਾਣੇ ਨੂੰ ਪਹਿਲ ਦੇਣੀ ਚਾਹੀਦੀ ਹੈ।

ਦਵਾਈਆਂ ਦੀ ਗਲਤ ਵਰਤੋਂ 

ਕਈ ਵਾਰ ਮਰੀਜ਼ ਆਪਣੀ ਮਰਜ਼ੀ ਨਾਲ ਦਵਾਈਆਂ ਬਦਲ ਦਿੰਦੇ ਹਨ ਜਾਂ ਛੱਡ ਦਿੰਦੇ ਹਨ, ਜੋ ਕਿਡਨੀ ਲਈ ਘਾਤਕ ਹੋ ਸਕਦਾ ਹੈ। ਖਾਸ ਤੌਰ 'ਤੇ ਦਰਦ ਨਿਵਾਰਕ ਦਵਾਈਆਂ (ਪੇਨਕਿੱਲਰ) ਦਾ ਲੰਬੇ ਸਮੇਂ ਤੱਕ ਸੇਵਨ ਕਿਡਨੀ ਦੀ ਕਾਰਜਸ਼ੀਲਤਾ ਨੂੰ ਘਟਾਉਂਦਾ ਹੈ। ਕੋਈ ਵੀ ਨਵੀਂ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਾਜ਼ਮੀ ਲਓ।

ਪਾਣੀ ਦੀ ਕਮੀ ਅਤੇ ਡੀਹਾਈਡ੍ਰੇਸ਼ਨ

ਕਿਡਨੀ ਨੂੰ ਤੰਦਰੁਸਤ ਰੱਖਣ ਲਈ ਭਰਪੂਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਸ਼ੂਗਰ ਕਾਰਨ ਅਕਸਰ ਸਰੀਰ 'ਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਹੋ ਜਾਂਦੀ ਹੈ, ਜਿਸ ਨਾਲ ਕਿਡਨੀ 'ਚ ਪੱਥਰੀ ਅਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਦਿਨ ਭਰ 'ਚ ਘੱਟੋ-ਘੱਟ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ ਅਤੇ ਚਾਹ-ਕੌਫੀ ਦੀ ਬਜਾਏ ਹਰਬਲ ਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਆਪਣੀ ਜੀਵਨ ਸ਼ੈਲੀ 'ਚ ਇਹ ਸੁਧਾਰ ਕਰਕੇ ਅਤੇ ਸਹੀ ਖੁਰਾਕ ਰਾਹੀਂ ਤੁਸੀਂ ਆਪਣੀ ਕਿਡਨੀ ਨੂੰ ਸੁਰੱਖਿਅਤ ਰੱਖ ਸਕਦੇ ਹੋ।


author

Sunaina

Content Editor

Related News