ਸਾਵਧਾਨ! ਮੂੰਹ ਦੇ ਛਾਲਿਆਂ ਨੂੰ ਹਲਕੇ 'ਚ ਲੈਣਾ ਪੈ ਸਕਦਾ ਹੈ ਭਾਰੀ, ਜਾਣੋ ਕਦੋਂ ਇਹ ਬਣ ਜਾਂਦੇ ਹਨ ਕੈਂਸਰ ਦਾ ਸੰਕੇਤ
Tuesday, Feb 10, 2026 - 10:57 AM (IST)
ਹੈਲਥ ਡੈਸਕ - ਅਜੋਕੇ ਸਮੇਂ 'ਚ ਬਦਲਦੇ ਖਾਣ-ਪੀਣ ਅਤੇ ਨਸ਼ਿਆਂ ਦੀ ਵੱਧਦੀ ਵਰਤੋਂ ਕਾਰਨ ਮੂੰਹ ਦੇ ਕੈਂਸਰ (Mouth Cancer) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਕਸਰ ਅਸੀਂ ਮੂੰਹ 'ਚ ਹੋਣ ਵਾਲੇ ਛਾਲਿਆਂ ਨੂੰ ਪੇਟ ਦੀ ਗਰਮੀ ਜਾਂ ਮਾਮੂਲੀ ਇਨਫੈਕਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਇਹ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ। ਮਾਹਿਰਾਂ ਅਨੁਸਾਰ, ਜੇਕਰ ਮੂੰਹ ਦਾ ਕੋਈ ਛਾਲਾ ਲੰਬੇ ਸਮੇਂ ਤੱਕ ਠੀਕ ਨਹੀਂ ਹੋ ਰਿਹਾ, ਤਾਂ ਇਹ 'ਖਤਰੇ ਦੀ ਘੰਟੀ' ਹੋ ਸਕਦਾ ਹੈ।

ਕਦੋਂ ਹੁੰਦੀ ਹੈ ਚਿੰਤਾ ਦੀ ਗੱਲ?
ਆਮ ਤੌਰ 'ਤੇ ਮੂੰਹ ਦੇ ਛਾਲੇ ਇਕ ਜਾਂ ਦੋ ਹਫ਼ਤਿਆਂ 'ਚ ਠੀਕ ਹੋ ਜਾਂਦੇ ਹਨ। ਪਰ ਜੇਕਰ ਤੁਹਾਡੇ ਮੂੰਹ 'ਚ ਕੋਈ ਅਜਿਹਾ ਛਾਲਾ ਜਾਂ ਜ਼ਖਮ ਹੈ ਜੋ 3 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਠੀਕ ਨਹੀਂ ਹੋ ਰਿਹਾ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮੂੰਹ ਦੇ ਕੈਂਸਰ ਦੇ ਮੁੱਖ ਲੱਛਣ
- ਮੂੰਹ ਦੇ ਕੈਂਸਰ ਦੀ ਸ਼ੁਰੂਆਤ 'ਚ ਕੁਝ ਖਾਸ ਸੰਕੇਤ ਮਿਲਦੇ ਹਨ, ਜਿਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ :-
- ਮੂੰਹ ਜਾਂ ਜੀਭ 'ਤੇ ਅਜਿਹੇ ਛਾਲੇ ਜੋ ਲੰਬੇ ਸਮੇਂ ਤੱਕ ਬਣੇ ਰਹਿਣ।
- ਮੂੰਹ ਦੇ ਅੰਦਰ ਚਿੱਟੇ ਜਾਂ ਲਾਲ ਰੰਗ ਦੇ ਧੱਬੇ ਦਿਖਾਈ ਦੇਣਾ।
- ਜੀਭ, ਮਸੂੜਿਆਂ ਜਾਂ ਗੱਲ੍ਹਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸੋਜ ਜਾਂ ਗੰਢ ਦਾ ਹੋਣਾ।
- ਖਾਣਾ ਖਾਣ ਜਾਂ ਪਾਣੀ ਪੀਣ ਵੇਲੇ ਗਲੇ 'ਚ ਦਰਦ ਜਾਂ ਕੁਝ ਫਸਿਆ ਹੋਇਆ ਮਹਿਸੂਸ ਹੋਣਾ।
- ਆਵਾਜ਼ ਦਾ ਭਾਰੀ ਹੋਣਾ ਜਾਂ ਬੋਲਣ 'ਚ ਦਿੱਕਤ ਆਉਣਾ।
- ਬਿਨਾਂ ਕਿਸੇ ਕਾਰਨ ਜਾਂ ਸੱਟ ਦੇ ਦੰਦਾਂ ਦਾ ਕਮਜ਼ੋਰ ਹੋ ਕੇ ਹਿੱਲਣਾ।
ਕਿਉਂ ਵੱਧ ਰਿਹਾ ਹੈ ਖਤਰਾ?
- ਬੀੜੀ, ਸਿਗਰਟ, ਗੁਟਖਾ ਅਤੇ ਸੁਪਾਰੀ ਦਾ ਸੇਵਨ ਸਭ ਤੋਂ ਵੱਡਾ ਕਾਰਨ ਹੈ।
- ਲਗਾਤਾਰ ਸ਼ਰਾਬ ਪੀਣ ਨਾਲ ਮੂੰਹ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ।
- ਮੂੰਹ ਦੀ ਸਫਾਈ ਨਾ ਰੱਖਣਾ ਅਤੇ ਟੁੱਟੇ ਹੋਏ ਦੰਦਾਂ ਦਾ ਲਗਾਤਾਰ ਜੀਭ ਜਾਂ ਗੱਲ੍ਹ ਨਾਲ ਰਗੜ ਖਾਣਾ।
ਨੋਟ :- ਮੂੰਹ ਦੇ ਕੈਂਸਰ ਦਾ ਜੇਕਰ ਪਹਿਲੀ ਸਟੇਜ 'ਤੇ ਪਤਾ ਲੱਗ ਜਾਵੇ, ਤਾਂ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਕਿਸੇ ਵੀ ਅਸਧਾਰਨ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਮਾਹਿਰ ਡਾਕਟਰ ਜਾਂ ਡੈਂਟਿਸਟ ਤੋਂ ਚੈੱਕਅਪ ਕਰਵਾਓ।
