ਸਾਵਧਾਨ! ਫਰਿੱਜ ''ਚ ਗਰਮ ਖਾਣਾ ਰੱਖਣ ਦੀ ਗਲਤੀ ਪੈ ਸਕਦੀ ਹੈ ਭਾਰੀ, ਸਿਹਤ ਨੂੰ ਵੀ ਹੋ ਸਕਦੈ

Sunday, Mar 29, 2026 - 12:42 PM (IST)

ਸਾਵਧਾਨ! ਫਰਿੱਜ ''ਚ ਗਰਮ ਖਾਣਾ ਰੱਖਣ ਦੀ ਗਲਤੀ ਪੈ ਸਕਦੀ ਹੈ ਭਾਰੀ, ਸਿਹਤ ਨੂੰ ਵੀ ਹੋ ਸਕਦੈ

ਨਵੀਂ ਦਿੱਲੀ - ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਬੱਚਿਆ ਹੋਇਆ ਗਰਮ ਖਾਣਾ ਜਲਦੀ ਖਰਾਬ ਹੋਣ ਦੇ ਡਰੋਂ ਤੁਰੰਤ ਫਰਿੱਜ 'ਚ ਰੱਖ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਤੁਸੀਂ ਇਕ ਵੱਡੀ ਗਲਤੀ ਕਰ ਰਹੇ ਹੋ। ਸਰੋਤਾਂ ਅਨੁਸਾਰ, ਇਹ ਆਦਤ ਨਾ ਸਿਰਫ ਤੁਹਾਡੇ ਫਰਿੱਜ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਬਲਕਿ ਤੁਹਾਡੀ ਜੇਬ 'ਤੇ ਵੀ ਭਾਰੀ ਪੈ ਸਕਦੀ ਹੈ।

ਬਿਜਲੀ ਦੇ ਬਿੱਲ 'ਚ ਵਾਧਾ
ਜਦੋਂ ਅਸੀਂ ਫਰਿੱਜ 'ਚ ਗਰਮ ਖਾਣਾ ਰੱਖਦੇ ਹਾਂ, ਤਾਂ ਫਰਿੱਜ ਨੂੰ ਅੰਦਰੂਨੀ ਤਾਪਮਾਨ ਨੂੰ ਮੁੜ ਘਟਾਉਣ ਲਈ ਵਾਧੂ ਊਰਜਾ ਦੀ ਲੋੜ ਹੁੰਦੀ ਹੈ। ਇਸ ਕਾਰਨ ਫਰਿੱਜ ਦਾ ਕੰਪ੍ਰੈਸਰ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਵਧ ਜਾਂਦੀ ਹੈ ਅਤੇ ਹਰ ਮਹੀਨੇ ਬਿਜਲੀ ਦਾ ਬਿੱਲ ਵਧਣ ਲੱਗਦਾ ਹੈ। ਖਾਸ ਕਰਕੇ ਗਰਮੀਆਂ ਦੇ ਮੌਸਮ 'ਚ ਇਹ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ ਹੈ।

ਨਮੀ ਅਤੇ ਬਰਫ ਦੀ ਸਮੱਸਿਆ
ਗਰਮ ਖਾਣੇ 'ਚੋਂ ਨਿਕਲਣ ਵਾਲੀ ਭਾਪ ਫਰਿੱਜ ਦੇ ਅੰਦਰ ਨਮੀ ਵਧਾ ਦਿੰਦੀ ਹੈ। ਇਹ ਨਮੀ ਕੂਲਿੰਗ ਸਿਸਟਮ 'ਤੇ ਜੰਮ ਕੇ ਬਰਫ ਦਾ ਰੂਪ ਲੈ ਲੈਂਦੀ ਹੈ, ਜਿਸ ਨਾਲ ਫਰਿੱਜ 'ਚ ਠੰਡਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾਉਂਦੀ। ਅਜਿਹੀ ਸਥਿਤੀ 'ਚ ਫਰਿੱਜ ਨੂੰ ਜ਼ਿਆਦਾ ਕੂਲਿੰਗ ਕਰਨ ਲਈ ਮੁੜ-ਮੁੜ ਕੋਸ਼ਿਸ਼ ਕਰਨੀ ਪੈਂਦੀ ਹੈ, ਜੋ ਬਿਜਲੀ ਦੀ ਖਪਤ ਨੂੰ ਹੋਰ ਵਧਾਉਂਦੀ ਹੈ।

ਦੂਜਾ ਖਾਣਾ ਵੀ ਹੋ ਸਕਦਾ ਹੈ ਖਰਾਬ
ਫਰਿੱਜ 'ਚ ਗਰਮ ਖਾਣਾ ਰੱਖਣ ਨਾਲ ਅੰਦਰਲੀ ਹਵਾ ਵੀ ਗਰਮ ਹੋ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਉੱਥੇ ਰੱਖੀਆਂ ਹੋਰ ਚੀਜ਼ਾਂ ਜਿਵੇਂ ਦੁੱਧ, ਸਬਜ਼ੀਆਂ ਅਤੇ ਬਚੇ ਹੋਏ ਖਾਣੇ 'ਤੇ ਪੈਂਦਾ ਹੈ। ਤਾਪਮਾਨ ਬਦਲਣ ਕਾਰਨ ਇਹ ਚੀਜ਼ਾਂ ਜਲਦੀ ਖਰਾਬ ਹੋ ਸਕਦੀਆਂ ਹਨ, ਜੋ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ।

ਖਾਣਾ ਰੱਖਣ ਦਾ ਸਹੀ ਤਰੀਕਾ
ਮਾਹਿਰਾਂ ਅਨੁਸਾਰ, ਖਾਣੇ ਨੂੰ ਫਰਿੱਜ 'ਚ ਰੱਖਣ ਤੋਂ ਪਹਿਲਾਂ ਉਸ ਨੂੰ ਕਮਰੇ ਦੇ ਤਾਪਮਾਨ ਤੱਕ ਠੰਡਾ ਹੋਣ ਦੇਣਾ ਚਾਹੀਦਾ ਹੈ। ਹਾਲਾਂਕਿ, ਇਹ ਵੀ ਧਿਆਨ ਰੱਖੋ ਕਿ ਖਾਣਾ 2 ਘੰਟੇ ਤੋਂ ਜ਼ਿਆਦਾ ਸਮੇਂ ਲਈ ਬਾਹਰ ਨਾ ਪਿਆ ਰਹੇ। ਇਸ ਤੋਂ ਇਲਾਵਾ, ਖਾਣੇ ਨੂੰ ਹਮੇਸ਼ਾ ਢੱਕ ਕੇ ਰੱਖੋ ਤਾਂ ਜੋ ਭਾਪ ਬਾਹਰ ਨਾ ਨਿਕਲੇ ਅਤੇ ਫਰਿੱਜ ਦੀ ਉਮਰ ਵੀ ਵਧੇ। ਅਜਿਹਾ ਕਰਨ ਨਾਲ ਨਾ ਸਿਰਫ ਤੁਹਾਡਾ ਖਾਣਾ ਸੁਰੱਖਿਅਤ ਰਹੇਗਾ, ਬਲਕਿ ਬਿਜਲੀ ਦੀ ਵੀ ਬਚਤ ਹੋਵੇਗੀ।


author

Sunaina

Content Editor

Related News