Health Tips: ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਰੋਜ਼ਾਨਾ ਖਾਓ ਇਹ ਖ਼ਾਸ ਫਲ ਤੇ ਸਬਜ਼ੀਆਂ, ਹੋਵੇਗਾ ਫ਼ਾਇਦਾ

Friday, Dec 03, 2021 - 11:26 AM (IST)

Health Tips: ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਰੋਜ਼ਾਨਾ ਖਾਓ ਇਹ ਖ਼ਾਸ ਫਲ ਤੇ ਸਬਜ਼ੀਆਂ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਕਿਸੇ ਵੀ ਬੀਮਾਰੀ ਤੋਂ ਬਚਣ ਲਈ ਮਨੁੱਖ ਦਾ ਇਮਿਊਨ ਸਿਸਟਮ ਮਜਬੂਤ ਹੋਣਾ ਲਾਜ਼ਮੀ ਹੈ। ਤ੍ਰਾਸਦੀ ਹੈ ਕਿ ਸਾਡੇ ਖਾਣੇ ਵਿਚ ਮਾਇਕ੍ਰੋਨਿਊਟ੍ਰੈਂਟਸ ਦੀ ਘਾਟ ਪਾਈ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਸਾਡੀ ਡਾਇਟ ਦਾ ਘਟੀਆ ਹੋਣਾ ਹੈ। ਬੱਚੇ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਸਗੋਂ ਜੰਕ ਫੂਡ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਇਨ੍ਹਾਂ ਗ਼ਲਤ ਆਦਤਾਂ ਅਤੇ ਗ਼ਲਤ ਖਾਣੇ ਦੀਆਂ ਆਦਤਾਂ ਕਰਕੇ ਅਇਰਨ, ਤਾਂਬਾ, ਫੋਲਿਕ ਐਸਿਡ, ਵਿਟਾਮਿਨ (ਏ, ਬੀ, ਸੀ) ਦੀ ਘਾਟ ਸਰੀਰ ’ਚ ਹੋ ਜਾਂਦੀ ਹੈ। ਸਾਡੇ ਸਰੀਰ ਦੀ ਇਮਿਊਨਿਟੀ ਲਈ ਇਹ ਸਾਰੇ ਤੱਤ ਬਹੁਤ ਜ਼ਰੂਰੀ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ....

ਅਮਰੂਦ
ਅਮਰੂਦ ਖਾਣ ਨਾਲ ਸਰੀਰ 'ਚ ਵਿਟਾਮਿਨ-ਸੀ ਦੀ ਘਾਟ ਪੂਰੀ ਹੁੰਦੀ ਹੈ। ਅਮਰੂਦ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਮਿਊਨਿਟੀ ਵਧਦੀ ਹੈ ਅਤੇ ਸਰੀਰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਦੂਰ ਰਹਿੰਦਾ ਹੈ।

ਨਿੰਬੂ
ਨਿੰਬੂ 'ਚ ਮੌਜੂਦ ਵਿਟਾਮਿਨ-ਸੀ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਢਿੱਡ ਨੂੰ ਸਿਹਤਮੰਦ ਰੱਖਦਾ ਹੈ। ਨਿੰਬੂ ਦਾ ਸੇਵਨ ਨਾ ਸਿਰਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ ਸਗੋਂ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ।

ਵਿਟਾਮਿਨ-ਸੀ ਵਾਲੇ ਖਾਦ ਪਦਾਰਥ
ਵਿਟਾਮਿਨ-ਸੀ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ-ਸੀ ਵਾਲੇ ਖਾਦ ਪਦਾਰਥਾਂ ਨਾਲ ਜ਼ੁਕਾਮ, ਖੰਘ, ਫਲੂ ਆਦਿ ਇਨਫੈਕਸ਼ਨ ਸਰੀਰ ਨੂੰ ਪ੍ਰਭਾਵਿਤ ਨਹੀਂ ਕਰਦੇ। ਇਸ ਲਈ ਪਪੀਤਾ, ਸੰਤਰਾ, ਕੀਵੀ, ਨਿੰਬੂ, ਖਰਬੂਜ਼ਾ, ਅਮਰੂਦ, ਅੰਬ, ਲਾਲ ਮਿਰਚ, ਮਟਰ, ਸ਼ਕਰਕੰਦੀ, ਸ਼ਲਗਮ, ਸਟ੍ਰਾਬੈਰੀ ਆਦਿ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਲਸਣ
ਲਸਣ ਨੂੰ ਐਂਟੀਆਕਸੀਡੈਂਟ ਦਾ ਸਰੋਤ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਵਿਚ ਵਾਇਰਲ ਅਤੇ ਬੈਕਟੀਰਿਅਲ ਇਨਫੈਕਸ਼ਨ ਨੂੰ ਰੋਕਦਾ ਹੈ। ਇਸ ਵਿਚ ਐਲਿਸਿਨ ਨਾਂ ਦਾ ਤੱਤ ਹੁੰਦਾ ਹੈ। ਇਸ ਲਈ ਰੋਜ਼ਾਨਾ ਲਸਣ ਦਾ ਪ੍ਰਯੋਗ ਕਰਨ ਨਾਲ ਇਮਊਨਿਟੀ ਵੱਧਦੀ ਹੈ।

ਪਾਲਕ
ਪਾਲਕ ਵਿਚ ਫਾਲੇਟ ਨਾਂ ਦਾ ਤੱਤ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਬਣਾਉਣ ਅਤੇ ਡੀ.ਐੱਨ.ਏ. ਦੀ ਮੁਰੰਮਤ ਕਰਨ ਦੇ ਨਾਲ ਇਮਊਨਿਟੀ ਨੂੰ ਵੀ ਵਧਾਉਂਦਾ ਹੈ।

ਅੰਕੁਰਿਤ ਅਨਾਜ
ਅੰਕੁਰਿਤ ਅਨਾਜ ਜਿਵੇਂ ਮੂੰਗ, ਮੋਠ, ਛੋਲੇ ਆਦਿ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਸਾਡੀ ਇਮਊਨਿਟੀ ਵੱਧਦੀ ਹੈ।

ਸਲਾਦ
ਭੋਜਨ ਵਿਚ ਸਲਾਦ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਖੀਰਾ, ਟਮਾਟਰ, ਮੂਲੀ, ਗਾਜਰ, ਪਿਆਜ਼ ਅਤੇ ਚੁਕੰਦਰ ਆਦਿ ਸਾਡੀ ਇਮਊਨਿਟੀ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ।

ਸਬਜ਼ੀਆਂ ਅਤੇ ਫਲਾਂ ਦਾ ਸੂਪ
ਇਮਊਨਿਟੀ ਵਧਾਉਣ ਦਾ ਕਾਰਗਰ ਤਰੀਕਾ ਸਬਜ਼ੀਆਂ ਅਤੇ ਫਲਾਂ ਦਾ ਸੂਪ ਹੈ। ਮੁੱਖ ਰੂਪ ਵਿਚ ਪਾਲਕ ਅਤੇ ਕੇਲੇ ਦਾ ਸੂਪ, ਟਮਾਟਰ ਦਾ ਸੂਪ, ਸੰਤਰੇ ਤੇ ਚਕੋਤਰਾ ਦਾ ਜੂਸ, ਗਾਜਰ ਤੇ ਅਦਰਕ ਦਾ ਸੂਪ ਆਦਿ ਬਹੁਤ ਫ਼ਾਇਦੇਮੰਦ ਹਨ।

ਗ੍ਰੀਨ-ਟੀ
ਇਸ ਵਿਚ ਐਂਟੀਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਸ ਦਾ ਪ੍ਰਯੋਗ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਗ੍ਰੀਨ-ਟੀ ਵਿਚ ਵਿਟਾਮਿਨ-ਸੀ ਅਤੇ ਪੋਲੀਫੇਨਾੱਲਸ ਦੇ ਗੁਣ ਹੁੰਦੇ ਹਨ, ਜੋ ਸਰੀਰ ’ਚੋਂ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਨੂੰ ਖ਼ਤਮ ਕਰਕੇ ਇਮਿਊਨ ਸਿਸਟਮ ਨੂੰ ਮਜਬੂਤ ਕਰਨ ’ਚ ਮਦਦ ਕਰਦੇ ਹਨ। 

ਅਦਰਕ
ਅਦਰਕ ਖੰਘ, ਗਲੇ ਦੀ ਖਰਾਸ਼ ਆਦਿ ਬੀਮਾਰੀਆਂ ਨਾਲ ਲੜਨ ਵਿਚ ਵਧੀਆ ਮੰਨਿਆ ਗਿਆ ਹੈ। ਇਹ ਕਲੈਸਟ੍ਰੋਲ ਦਾ ਲੈਵਲ ਸਹੀ ਰੱਖਣ ਅਤੇ ਇਮਿਊਨਿਟੀ ਨੂੰ ਮਜਬੂਤ ਬਣਾਉਣ ਵਿਚ ਲਾਹੇਵੰਦ ਹੈ।

ਕਿਸ਼ਮਿਸ਼
ਕਿਸ਼ਮਿਸ਼ ਵਿਚ ਮੌਜੂਦ ਫਿਨੋਲਿਕ ਫਾਇਟੋਨਿਯਟ੍ਰਿਐਂਟਸ ਨਾਂ ਦਾ ਤੱਤ ਇਨਫੈਕਸ਼ਨ ਤੋਂ ਮਨੁੱਖ ਦੀ ਰੱਖਿਆ ਕਰਦਾ ਹੈ। ਅੱਧੇ ਕੱਪ ਪਾਣੀ ਵਿਚ 25 ਕਿਸ਼ਮਿਸ਼ ਇਕ ਘੰਟੇ ਭਿਂਓ ਦੇਣ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਮਸਲਣ ਅਤੇ ਨਿੰਬੂ ਦਾ ਰਸ ਪਾ ਕੇ ਰੋਜ਼ ਖਾਣ ਨਾਲ ਇਮਿਊਨਿਟੀ ਵੱਧਦੀ ਹੈ।

ਹਲਦੀ
ਹਲਦੀ ਵਿਚ ਐਂਟੀਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਇਮਿਊਨ ਸਿਸਟਮ ਬੂਸਟਰ ਕਹਾਉਂਦੀ ਹੈ। ਇਸ ਤੋਂ ਇਲਾਵਾ ਹਲਦੀ ਵਿਚ ਕਰਕਿਊਮਿਨ ਨਾਂ ਦਾ ਤੱਤ ਸਰੀਰ ਦੇ ਖੁਨ ਵਿਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।

ਅਲਸੀ
ਅਲਸੀ ਸਾਡੇ ਸਰੀਰ ਲਈ ਬਹੁਤ ਵਧੀਆ ਇਮਊਨ ਬੂਸਟਰ ਹੈ। ਅਲਸੀ ਵਿਚ ਅਲਫਾ ਲਿਨੋਲੇਨਿਕ ਐਸਿਡ, ਓਮੇਗਾ-3 ਅਤੇ ਫੈਟੀ ਐਸਿਡ ਹੁੰਦਾ ਹੈ, ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ।


author

rajwinder kaur

Content Editor

Related News