2030 ਤੱਕ ਸਾਢੇ 9 ਕਰੋੜ ਭਾਰਤੀਆਂ ਦੇ ਸ਼ੂਗਰ ਦੀ ਲਪੇਟ ’ਚ ਆਉਣ ਦਾ ਖਦਸ਼ਾ
Friday, Nov 15, 2024 - 02:48 AM (IST)
ਨਵੀਂ ਦਿੱਲੀ - ਭਾਰਤ ’ਚ ਅਜੇ 8 ਕਰੋੜ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਸਾਲ 2030 ਤੱਕ ਇਹ ਗਿਣਤੀ ਵਧ ਕੇ ਸਾਢੇ 9 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ’ਚ ਹਰ ਸਾਲ 34 ਲੱਖ ਤੋਂ ਵੱਧ ਲੋਕ ਸ਼ੂਗਰ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨਾਲ ਮਰ ਰਹੇ ਹਨ। ਬੱਚਿਆਂ ’ਚ ਫਾਸਟ ਫੂਡ, ਸੀਮਤ ਸਰੀਰਕ ਸਰਗਰਮੀਆਂ, ਕਸਰਤ ਨਾ ਕਰਨਾ ਅਤੇ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਇਸ ਬੀਮਾਰੀ ਦੇ ਖਤਰੇ ਨੂੰ ਵਧਾ ਰਹੇ ਹਨ।
ਇਕ ਅੰਕੜੇ ਅਨੁਸਾਰ ਇਹ ਬੀਮਾਰੀ ਹੁਣ ਨੌਜਵਾਨਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਹੀ ਹੈ ਅਤੇ ਲੱਗਭਗ 10 ਫ਼ੀਸਦੀ ਭਾਰਤੀ ਨੌਜਵਾਨ ਇਸ ਤੋਂ ਪੀੜਤ ਹਨ। ਭਾਰਤ ’ਚ ਸ਼ੂਗਰ ਦੀ ਬੀਮਾਰੀ ’ਤੇ ਜਾਂਚ ਕਰਨ ਵਾਲੀ ਸੰਸਥਾ ‘ਰਿਸਰਚ ਸੋਸਾਇਟੀ ਫਾਰ ਦਿ ਸਟੱਡੀ ਆਫ ਡਾਇਬਿਟੀਜ਼ ਇਨ ਇੰਡੀਆ’ਨੇ ਕਿਹਾ ਕਿ ਜਿਸ ਤਰ੍ਹਾਂ ਸ਼ੂਗਰ ਦੀ ਬੀਮਾਰੀ ਦਾ ਪ੍ਰਸਾਰ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਸਮਾਂ ਰਹਿੰਦੇ ਆਪਣੇ ਖਾਣ-ਪੀਣ ਅਤੇ ਜੀਵਨ-ਸ਼ੈਲੀ ’ਚ ਬਦਲਾਅ ਨਾ ਕੀਤਾ ਤਾਂ ਅਗਲੇ 2 ਦਹਾਕਿਆਂ ’ਚ ਭਾਰਤ ਦੁਨੀਆ ’ਚ ‘ਡਾਇਬਿਟੀਜ਼ ਕੈਪੀਟਲ’ ਬਣ ਜਾਵੇਗਾ।