High BP ਦੇ ਮਰੀਜ਼ ਹੋ ਜਾਣ ਸਾਵਧਾਨ! ਸਵੇਰੇ ਉੱਠਦਿਆਂ ਕੀਤੀ ਇਹ ਇਕ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਬਚਾਅ ਦੇ ਤਰੀਕੇ
Thursday, Apr 16, 2026 - 10:00 AM (IST)
ਹੈਲਥ ਡੈਸਕ - ਅੱਜ-ਕੱਲ੍ਹ ਦੇ ਦੌਰ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਇਹ ਹੁਣ ਸਿਰਫ਼ ਬਜ਼ੁਰਗਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਘੱਟ ਉਮਰ ਦੇ ਨੌਜਵਾਨ ਵੀ ਇਸ ਦੀ ਲਪੇਟ 'ਚ ਆ ਰਹੇ ਹਨ। ਮਾਹਿਰਾਂ ਅਨੁਸਾਰ, ਖਰਾਬ ਜੀਵਨ ਸ਼ੈਲੀ, ਮਾਨਸਿਕ ਤਣਾਅ, ਗਲਤ ਖਾਣ-ਪੀਣ ਅਤੇ ਨੀਂਦ ਦੀ ਕਮੀ ਇਸ ਦੇ ਮੁੱਖ ਕਾਰਨ ਹਨ। ਖਾਸ ਕਰਕੇ ਸਵੇਰ ਦਾ ਸਮਾਂ ਬੀ.ਪੀ. ਦੇ ਮਰੀਜ਼ਾਂ ਲਈ ਬਹੁਤ ਸੰਵੇਦਨਸ਼ੀਲ ਹੁੰਦਾ ਹੈ ਅਤੇ ਇਸ ਦੌਰਾਨ ਕੀਤੀ ਗਈ ਇਕ ਛੋਟੀ ਜਿਹੀ ਗਲਤੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਵੇਰੇ ਉੱਠਦੇ ਸਾਰ ਹੀ ਝਟਕੇ ਨਾਲ ਬਿਸਤਰੇ ਤੋਂ ਨਹੀਂ ਉੱਠਣਾ ਚਾਹੀਦਾ। ਅਜਿਹਾ ਕਰਨ ਨਾਲ ਬਲੱਡ ਪ੍ਰੈਸ਼ਰ 'ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆ ਸਕਦਾ ਹੈ, ਜਿਸ ਨਾਲ ਚੱਕਰ ਆਉਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ ਜਾਂ ਬੇਹੋਸ਼ੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਜਦੋਂ ਕੋਈ ਵਿਅਕਤੀ ਅਚਾਨਕ ਖੜ੍ਹਾ ਹੁੰਦਾ ਹੈ, ਤਾਂ ਕੁਝ ਸਕਿੰਟਾਂ ਲਈ ਦਿਮਾਗ ਅਤੇ ਦਿਲ ਤੱਕ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ, ਜੋ ਸਰੀਰ ਦਾ ਸੰਤੁਲਨ ਵਿਗਾੜ ਦਿੰਦਾ ਹੈ।
ਕਿਉਂ ਵਧਦਾ ਹੈ ਸਵੇਰੇ ਬਲੱਡ ਪ੍ਰੈਸ਼ਰ?
ਸਰੀਰ ਦੀ ਜੈਵਿਕ ਘੜੀ, ਜਿਸ ਨੂੰ 'ਸਰਕੇਡੀਅਨ ਰਿਦਮ' ਕਿਹਾ ਜਾਂਦਾ ਹੈ, ਦੇ ਕਾਰਨ ਸਵੇਰ ਵੇਲੇ ਹਾਰਮੋਨਸ 'ਚ ਬਦਲਾਅ ਹੁੰਦਾ ਹੈ ਅਤੇ ਨਰਵਸ ਸਿਸਟਮ ਵਧੇਰੇ ਸਰਗਰਮ ਹੋ ਜਾਂਦਾ ਹੈ। ਇਸ ਪ੍ਰਕਿਰਿਆ ਕਾਰਨ ਬਲੱਡ ਪ੍ਰੈਸ਼ਰ ਕੁਦਰਤੀ ਤੌਰ 'ਤੇ ਵਧ ਸਕਦਾ ਹੈ। ਜਿਨ੍ਹਾਂ ਲੋਕਾਂ ਦਾ ਬੀ.ਪੀ. ਪਹਿਲਾਂ ਹੀ ਕੰਟਰੋਲ 'ਚ ਨਹੀਂ ਹੁੰਦਾ, ਉਨ੍ਹਾਂ ਲਈ ਸਵੇਰ ਦਾ ਸਮਾਂ ਵਧੇਰੇ ਜੋਖਮ ਭਰਿਆ ਹੁੰਦਾ ਹੈ ਅਤੇ ਇਸ ਸਮੇਂ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-
- ਸਵੇਰੇ ਉੱਠਦੇ ਹੀ ਤੁਰੰਤ ਖੜ੍ਹੇ ਨਾ ਹੋਵੋ, ਪਹਿਲਾਂ ਕੁਝ ਦੇਰ ਬਿਸਤਰੇ 'ਤੇ ਬੈਠੋ।
- ਸਰੀਰ ਨੂੰ ਹੌਲੀ-ਹੌਲੀ ਸਰਗਰਮ ਕਰੋ ਅਤੇ ਅਚਾਨਕ ਹਰਕਤ ਤੋਂ ਬਚੋ।
- ਉੱਠਣ ਤੋਂ ਬਾਅਦ ਇਕ ਗਲਾਸ ਕੋਸਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ।
- ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਸਮੇਂ ਸਿਰ ਲਓ।
- ਸਵੇਰੇ ਉੱਠਦੇ ਸਾਰ ਹੀ ਭਾਰੀ ਕਸਰਤ ਜਾਂ ਦੌੜਨ ਤੋਂ ਪਰਹੇਜ਼ ਕਰੋ।
- ਲਗਭਗ 30-60 ਮਿੰਟਾਂ ਬਾਅਦ ਹੀ ਹਲਕੀ ਸੈਰ ਜਾਂ ਸਟ੍ਰੈਚਿੰਗ ਕਰੋ।
- ਨਾਸ਼ਤੇ ਵਿੱਚ ਘੱਟ ਨਮਕ ਅਤੇ ਫਾਈਬਰ ਯੁਕਤ ਭੋਜਨ ਨੂੰ ਸ਼ਾਮਲ ਕਰੋ।
