ਰੇਲ ਗੱਡੀ 'ਚ ਪਾਣੀ ਦੀ ਬੋਤਲ ਲਈ 5 ਰੁਪਏ ਵਾਧੂ ਵਸੂਲੀ ਦੇ ਦੋਸ਼ 'ਚ ਠੇਕੇਦਾਰ ਨੂੰ 1 ਲੱਖ ਰੁਪਏ ਜੁਰਮਾਨਾ

Sunday, Dec 18, 2022 - 06:53 PM (IST)

ਰੇਲ ਗੱਡੀ 'ਚ ਪਾਣੀ ਦੀ ਬੋਤਲ ਲਈ 5 ਰੁਪਏ ਵਾਧੂ ਵਸੂਲੀ ਦੇ ਦੋਸ਼ 'ਚ ਠੇਕੇਦਾਰ ਨੂੰ 1 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ : ਰੇਲਵੇ ਨੇ ਪਾਣੀ ਦੀ ਇੱਕ ਲੀਟਰ ਬੋਤਲ (ਰੇਲ ਨੀਰ) ਦੀ ਕੀਮਤ 15 ਰੁਪਏ ਰੱਖੀ ਹੈ। ਇਸ ਤੋਂ ਵੱਧ ਕੀਮਤ 'ਤੇ ਵੇਚਣਾ ਗੈਰਕਾਨੂੰਨੀ ਹੈ। ਇਸ ਦੇ ਬਾਵਜੂਦ ਰੇਲਵੇ ਦੇ ਕੁਝ ਕੇਟਰਿੰਗ ਠੇਕੇਦਾਰ ਮੌਕਾ ਦੇਖ ਕੇ ਵਾਧੂ ਰਕਮ ਵਸੂਲਣ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਮਾਮਲਾ ਕੁਝ ਪਿਛਲੇ ਦਿਨੀਂ ਹਰਿਆਣਾ ਦੇ ਅੰਬਾਲਾ ਡਿਵੀਜ਼ਨ ਵਿੱਚ ਦੇਖਣ ਨੂੰ ਮਿਲਿਆ। ਇੱਕ ਕੈਟਰਿੰਗ ਠੇਕੇਦਾਰ ਨੂੰ ਪਾਣੀ ਦੀ ਇੱਕ ਬੋਤਲ ਲਈ 5 ਰੁਪਏ ਵੱਧ ਵਸੂਲਣ 'ਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਜਾਣੋ ਕੀ ਹੈ ਮਾਮਲਾ

ਇਹ ਘਟਨਾ ਚੰਡੀਗੜ੍ਹ ਤੋਂ ਲਖਨਊ ਜਾ ਰਹੀ 12232 ਸੁਪਰਫਾਸਟ ਐਕਸਪ੍ਰੈਸ ਦੀ ਹੈ। ਉਸ ਟਰੇਨ ਵਿੱਚ ਪੈਂਟਰੀ ਕਾਰ ਦੀ ਸਹੂਲਤ ਨਹੀਂ ਹੈ। ਇਸੇ ਲਈ ਆਨ ਬੋਰਡ ਵੈਂਡਿੰਗ ਇੰਡੀਅਨ ਰੇਲਵੇਜ਼ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਅਧਿਕਾਰਤ ਲਾਇਸੰਸਧਾਰੀ ਠੇਕੇਦਾਰਾਂ ਦੁਆਰਾ ਕੀਤੀ ਜਾਂਦੀ ਹੈ। ਇਸੇ ਟਰੇਨ ਵਿਚ ਇਕ ਯਾਤਰੀ ਚੰਡੀਗੜ੍ਹ ਤੋਂ ਸ਼ਾਹਜਹਾਂਪੁਰ ਜਾ ਰਿਹਾ ਸੀ।ਇਕ ਅਧਿਕਾਰਤ ਵਿਕਰੇਤਾ ਵਲੋਂ ਰੇਲ ਨੀਰ ਦੀ ਬੋਤਲ ਲਈ 15 ਰੁਪਏ ਦੀ ਬਜਾਏ 20 ਰੁਪਏ ਚਾਰਜ ਕੀਤਾ ਗਿਆ। 

ਇਹ ਵੀ ਪੜ੍ਹੋ : Xiaomi ਨੂੰ ਵੱਡੀ ਰਾਹਤ, ਕੋਰਟ ਨੇ ਰਿਲੀਜ਼ ਕੀਤੇ ਫਰੀਜ਼ 37 ਅਰਬ ਰੁਪਏ

ਸ਼ਿਕਾਇਤ 'ਤੇ ਗ੍ਰਿਫਤਾਰ

ਯਾਤਰੀ ਨੇ ਟਵਿੱਟਰ 'ਤੇ ਇਸ ਦੀ ਸ਼ਿਕਾਇਤ ਕੀਤੀ। ਉਸ ਵਿਕਰੇਤਾ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ। ਇਸ ਸ਼ਿਕਾਇਤ 'ਤੇ ਉੱਤਰੀ ਰੇਲਵੇ ਤੁਰੰਤ ਹਰਕਤ 'ਚ ਆ ਗਿਆ ਅਤੇ ਉਸ ਠੇਕੇਦਾਰ ਨੂੰ ਲੱਭ ਲਿਆ ਜੋ ਉਸ ਟਰੇਨ 'ਚ ਵੈਂਡਿੰਗ ਕਰ ਰਿਹਾ ਸੀ। ਪਤਾ ਲੱਗਾ ਕਿ ਚੰਡੀਗੜ੍ਹ ਲਖਨਊ ਸੁਪਰਫਾਸਟ ਐਕਸਪ੍ਰੈਸ ਦਾ ਲਾਇਸੈਂਸਸ਼ੁਦਾ ਠੇਕੇਦਾਰ ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਚੰਦਰ ਮੌਲੀ ਮਿਸ਼ਰਾ ਹੈ। ਇਸ ਦੇ ਮੈਨੇਜਰ ਰਵੀ ਕੁਮਾਰ ਨੂੰ ਰੇਲਵੇ ਐਕਟ ਦੀ ਧਾਰਾ 144 (1) ਦੇ ਤਹਿਤ ਲਖਨਊ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਅੰਬਾਲਾ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਮਨਦੀਪ ਸਿੰਘ ਭਾਟੀਆ ਨੂੰ ਉਸ ਵਿਕਰੇਤਾ 'ਤੇ ਜੁਰਮਾਨਾ ਲਗਾਉਣ ਦੀ ਸਿਫਾਰਸ਼ ਕੀਤੀ ਗਈ ਸੀ।

ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਹਰੀ ਮੋਹਨ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਆਰਆਰਸੀਟੀਸੀ ਦੇ ਖੇਤਰੀ ਮੈਨੇਜਰ ਨੂੰ ਵੀ ਤਲਬ ਕੀਤਾ ਗਿਆ ਸੀ। ਜਾਂਚ ਵਿੱਚ ਕੇਟਰਿੰਗ ਠੇਕੇਦਾਰ ਦੋਸ਼ੀ ਪਾਇਆ ਗਿਆ। ਇਸ ਤੋਂ ਬਾਅਦ ਅੰਬਾਲਾ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਉਸ ਠੇਕੇਦਾਰ 'ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : Twitter ਦੇ ਦਫ਼ਤਰਾਂ ਦਾ ਕਿਰਾਇਆ ਨਹੀਂ ਦੇ ਰਹੇ Elon Musk, ਵੇਚ ਰਹੇ ਰਸੋਈ ਦਾ ਸਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News