ਹੁਣ ਆਧਾਰ ਕਾਰਡ ਨਾਲ ਧੋਖਾਧੜੀ ਕਰਨਾ ਹੋਵੇਗਾ ਅਸੰਭਵ : UIDAI ਦਾ ''AI ਮਿੱਤਰ'' ਰੱਖੇਗਾ 24 ਘੰਟੇ ਨਜ਼ਰ
Thursday, Feb 19, 2026 - 01:59 PM (IST)
ਨਵੀਂ ਦਿੱਲੀ - ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ UIDAI ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ 'ਆਧਾਰ AI ਮਿੱਤਰ' ਰਾਹੀਂ ਤੁਹਾਡੇ ਆਧਾਰ ਡਾਟਾ 'ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਹੋਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। UIDAI ਦਾ ਇਹ AI-ਪਾਵਰਡ ਚੈਟਬੋਟ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੋਣ ਜਾ ਰਿਹਾ ਹੈ।
ਤੁਹਾਡੀ ਇਜਾਜ਼ਤ ਤੋਂ ਬਿਨਾਂ ਨਹੀਂ ਹੋਵੇਗਾ ਕੋਈ ਬਦਲਾਅ
ਇਸ ਤਕਨੀਕ ਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ 'AI ਕਾਲਿੰਗ' ਹੈ। ਜੇਕਰ ਕੋਈ ਵਿਅਕਤੀ ਬੈਂਕ ਜਾਂ ਆਧਾਰ ਸੈਂਟਰ ਜਾ ਕੇ ਤੁਹਾਡੇ ਆਧਾਰ ਡਾਟਾ ਵਿਚ ਕੋਈ ਬਦਲਾਅ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ 'ਆਧਾਰ AI ਮਿੱਤਰ' ਤੁਰੰਤ ਤੁਹਾਨੂੰ ਕਾਲ ਕਰੇਗਾ। ਫੋਨ 'ਤੇ ਤੁਹਾਡੇ ਤੋਂ ਪੁਸ਼ਟੀ ਕੀਤੀ ਜਾਵੇਗੀ ਕਿ ਕੀ ਇਹ ਬਦਲਾਅ ਤੁਸੀਂ ਹੀ ਕਰ ਰਹੇ ਹੋ। ਜੇਕਰ ਤੁਸੀਂ ਮਨ੍ਹਾ ਕਰ ਦਿੰਦੇ ਹੋ, ਤਾਂ ਉਹ ਪ੍ਰਕਿਰਿਆ ਉੱਥੇ ਹੀ ਰੁਕ ਜਾਵੇਗੀ, ਜਿਸ ਨਾਲ ਤੁਹਾਡਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।
ਖੇਤਰੀ ਭਾਸ਼ਾਵਾਂ 'ਚ ਵੀ ਕਰੇਗਾ ਗੱਲਬਾਤ
ਪਹਿਲਾਂ ਇਹ ਚੈਟ ਬੋਟ ਸਿਰਫ਼ ਹਿੰਦੀ ਅਤੇ ਅੰਗਰੇਜ਼ੀ 'ਚ ਉਪਲਬਧ ਸੀ, ਪਰ ਹੁਣ ਇਹ ਬੰਗਾਲੀ ਸਮੇਤ ਕਈ ਹੋਰ ਭਾਰਤੀ ਖੇਤਰੀ ਭਾਸ਼ਾਵਾਂ 'ਚ ਵੀ ਗੱਲਬਾਤ ਕਰਨ ਦੇ ਯੋਗ ਹੋਵੇਗਾ। ਇਹ ਬੈਂਕ ਆਥੈਂਟੀਕੇਸ਼ਨ ਜਾਂ ਆਧਾਰ ਅਪਡੇਟ ਦੌਰਾਨ ਇਕ 'ਲਾਈਵ ਗਾਰਡ' ਵਜੋਂ ਕੰਮ ਕਰੇਗਾ।
ਲੋਕਾਂ 'ਚ ਵਧ ਰਿਹਾ ਹੈ ਭਰੋਸਾ
UIDAI ਅਨੁਸਾਰ, ਨਵੇਂ ਆਧਾਰ ਐਪ ਪ੍ਰਤੀ ਲੋਕਾਂ ਦਾ ਵਿਸ਼ਵਾਸ ਤੇਜ਼ੀ ਨਾਲ ਵਧਿਆ ਹੈ। ਹੁਣ ਤੱਕ ਲਗਭਗ 1 ਕਰੋੜ 40 ਲੱਖ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ ਅਤੇ ਹਰ ਰੋਜ਼ ਕਰੀਬ 1 ਲੱਖ ਨਵੇਂ ਯੂਜ਼ਰ ਇਸ ਨਾਲ ਜੁੜ ਰਹੇ ਹਨ। ਇਹ 'ਕਾਲਿੰਗ ਫੀਚਰ' ਜਲਦੀ ਹੀ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ।
