ਕਾਰ ਚਲਾਉਂਦੇ ਸਮੇਂ ਦੁਰਘਟਨਾ ਹੋਣ ਤੋਂ ਬਚਾਏਗਾ ਇਹ ਡਿਵਾਈਸ
Wednesday, Jul 26, 2017 - 11:27 AM (IST)
ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਕ੍ਰਿਏਟਿਵ ਮੋਡ ਨੇ ਇਕ ਅਜਿਹਾ ਡਿਵਾਈਸ ਵਿਕਸਿਤ ਕੀਤਾ ਹੈ, ਜੋ ਕਾਰ ਚਲਾਉਂਦੇ ਸਮੇਂ ਚਾਲਕ ਦੀ ਝਪਕੀ ਲੱਗਣ 'ਤੇ ਇਲੈਕਟ੍ਰਿਕ ਸ਼ਾਕ ਤੋਂ ਉਸ ਨੂੰ ਜਗਾਉਣ ਵਿਚ ਮਦਦ ਕਰੇਗਾ, ਜਿਸ ਨਾਲ ਸੜਕ ਦੁਰਘਟਨਾ ਹੋਣ ਤੋਂ ਬਚਾਅ ਹੋ ਸਕੇਗਾ। ਸਟੀਰ ਨਾਂ ਦਾ ਇਹ ਡਿਵਾਈਸ ਕਾਰ ਚਾਲਕ ਦੀ ਬਾਂਹ ਨਾਲ ਹੀ ਉਸ ਦੀ ਹਾਰਟ ਬੀਟ ਤੇ ਸਰੀਰ ਤੋਂ ਨਿਕਲੇ ਪਸੀਨੇ ਨੂੰ ਡਿਟੈਕਟ ਕਰੇਗਾ ਅਤੇ ਅੰਕੜਿਆਂ ਵਿਚ ਜ਼ਿਆਦਾ ਫਰਕ ਆਉਣ 'ਤੇ ਵਾਈਬ੍ਰੇਸ਼ਨ ਨਾਲ ਚਾਲਕ ਨੂੰ ਅਲਰਟ ਵੀ ਕਰੇਗਾ।
ਝਪਕੀ ਲੱਗਣ ਨਾਲ ਇਕ ਸਾਲ 'ਚ 6000 ਲੋਕ ਹੁੰਦੇ ਹਨ ਦੁਰਘਟਨਾ ਦੇ ਸ਼ਿਕਾਰ
ਅਮਰੀਕਾ ਵਿਚ ਲੱਗਭਗ ਇਕ ਸਾਲ ਵਿਚ 6000 ਲੋਕ ਝਪਕੀ ਲੱਗਣ ਕਾਰਨ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਨਵਾਂ ਰਿਸਟ ਵਾਰਨ ਸ਼ਾਕਿੰਗ ਡਿਵਾਈਸ ਬਣਾਇਆ ਗਿਆ ਹੈ, ਜੋ ਕਾਰ ਚਲਾਉਂਦੇ ਸਮੇਂ ਚਾਲਕ ਦੀ ਬਾਂਹ ਸਟੇਅਰਿੰਗ ਤੋਂ ਹਿੱਲਣ 'ਤੇ ਉਸ ਨੂੰ ਇਲੈਕਟ੍ਰਿਕ ਸ਼ਾਕ ਨਾਲ ਜਗਾ ਦੇਵੇਗਾ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਜਾਵੇਗਾ। ਕੰਪਨੀ ਦੇ ਸੰਸਥਾਪਕ ਤੇ ਇਸ ਡਿਵਾਈਸ ਦੇ ਨਿਰਮਾਤਾ ਵਲੈਦ ਲਈਨ (Vlad LLyin) ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਮੈਂ ਇਹ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਕੋਈ ਡਿਵਾਈਸ ਬਣਾਵਾਂਗਾ। ਮੇਰੇ ਇਕ ਦੋਸਤ ਦੀ ਕਾਰ ਝਪਕੀ ਲੱਗਣ ਨਾਲ ਦਰੱਖਤ ਨਾਲ ਜਾ ਟਕਰਾਈ ਅਤੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਦੋਂ ਮੈਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਕਾਰ ਚਲਾਉਂਦੇ ਸਮੇਂ ਝਪਕੀ ਲੱਗਣ ਨਾਲ ਵੱਡੀ ਦੁਰਘਟਨਾ ਵੀ ਹੋ ਸਕਦੀ ਹੈ। 2016 ਦੇ ਅਖੀਰ ਵਿਚ ਮੈਂ ਇਕ ਟੀਮ ਬਣਾਈ ਅਤੇ ਅਸੀਂ ਸੜਕ ਦੁਰਘਟਨਾਵਾਂ ਵਿਚ ਕਮੀ ਲਿਆਉਣ ਲਈ ਇਸ ਡਿਵਾਈਸ ਨੂੰ ਵਿਕਸਿਤ ਕੀਤਾ।
ਡਿਵਾਈਸ ਵਿਚ ਲੱਗੇ ਹਨ ਦੋ ਵੱਖ-ਵੱਖ ਸੈਂਸਰਸ
ਇਸ ਡਿਵਾਈਸ 'ਚ ਦੋ ਵੱਖ-ਵੱਖ ਸੈਂਸਰਸ ਲੱਗੇ ਹਨ, ਜੋ ਚਾਲਕ ਦੇ ਹਾਰਟ ਰੇਟ ਅਤੇ ਸਰੀਰ ਤੋਂ ਨਿਕਲਣ ਵਾਲੇ ਪਸੀਨੇ ਨੂੰ ਡਿਟੈਕਟ ਕਰਦੇ ਹਨ। ਇਹ ਸਾਰਾ ਡਾਟਾ ਇਸ ਸਮਾਰਟ ਡਿਵਾਈਸ ਵਿਚ ਸੇਵ ਰਹਿੰਦਾ ਹੈ। ਝਪਕੀ ਲੱਗਣ 'ਤੇ ਚਾਲਕ ਦੀ ਸਟੇਅਰਿੰਗ ਤੋਂ ਪਕੜ ਢਿੱਲੀ ਹੋਣ ਲੱਗਦੀ ਹੈ, ਜਿਸ ਨੂੰ ਡਿਟੈਕਟ ਕਰਕੇ ਇਹ ਇਲੈਕਟ੍ਰਾਨਿਕ ਸ਼ਾਕ ਦਿੰਦਾ ਹੈ। ਇਹ ਡਿਵਾਈਸ ਸ਼ਾਕ ਨਾਲ ਸਰੀਰ ਵਿਚ ਸੀਰੋਟੋਨਿਨ, ਕੋਰਟੀਸੋਲ ਅਤੇ ਹੋਰ ਹਾਰਮੋਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਜਿਸ ਨਾਲ ਡਰਾਈਵਰ ਇਕਦਮ ਐਕਟਿਵ ਹੋ ਜਾਂਦਾ ਹੈ ਅਤੇ ਮੁੜ ਕਾਰ 'ਤੇ ਪਕੜ ਬਣਾ ਲੈਂਦਾ ਹੈ।
ਡਿਵਾਈਸ ਨੂੰ ਬਣਾਉਣ ਲਈ ਚਾਹੀਦੀ ਸੀ ਵਾਈਬ੍ਰੇਸ਼ਨ ਤੋਂ ਉੱਪਰ ਦੀ ਤਕਨੀਕ
ਡਿਵਾਈਸ ਦੇ ਨਿਰਮਾਤਾ ਲਈਨ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਝਪਕੀ ਲੱਗਣ ਤੋਂ ਜਗਾਉਣ ਦਾ ਇਹ ਇਕ ਚਿੜਚਿੜਾ ਤਰੀਕਾ ਹੋ ਸਕਦਾ ਹੈ ਪਰ ਇਸ ਨਾਲ ਜਾਨ ਬਚ ਸਕਦੀ ਹੈ। ਇਸ ਡਿਵਾਈਸ ਨੂੰ ਬਣਾਉਣ ਲਈ ਸਾਨੂੰ ਵਾਈਬ੍ਰੇਸ਼ਨ ਤੋਂ ਕੁਝ ਉੱਪਰ ਚਾਹੀਦਾ ਸੀ, ਇਸ ਲਈ ਅਸੀਂ ਇਲੈਕਟ੍ਰਾਨਿਕ ਸ਼ਾਕ ਦੀ ਵਰਤੋਂ ਕੀਤੀ। ਅਸੀਂ ਪਹਿਲਾਂ ਇਸ ਨੂੰ ਕ੍ਰੇਜ਼ੀ ਆਈਡੀਆ ਸਮਝਿਆ ਪਰ ਖੋਜ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਨੂੰ ਨੀਂਦ ਤੋਂ ਜਗਾਉਣ ਦਾ ਇਹੀ ਸਭ ਤੋਂ ਬਿਹਤਰੀਨ ਤਰੀਕਾ ਹੈ।
ਉਨ੍ਹਾਂ ਦੱਸਿਆ ਕਿ ਰਿਸਟ ਵਾਰਨ ਡਿਵਾਈਸ ਨੂੰ ਲੈ ਕੇ ਕਈ ਤਰ੍ਹਾਂ ਦੀ ਖੋਜ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਡਿਵਾਈਸ ਜਿੰਨਾ ਕਰੰਟ ਮਾਰਦਾ ਹੈ, ਉਹ ਸਰੀਰ ਲਈ ਹਾਨੀਕਾਰਕ ਨਹੀਂ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਨੂੰ 230 ਡਾਲਰ (ਲੱਗਭਗ 14810) ਵਿਚ ਛੇਤੀ ਹੀ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
