ਸੜਕ ਹਾਦਸੇ ’ਚ ਕਾਰ ਸਵਾਰ ਵਿਅਕਤੀ ਦੀ ਮੌਤ
Monday, Mar 30, 2026 - 05:25 PM (IST)
ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ, ਰਾਜੇਸ਼ ਢੰਡ) : ਫਾਜ਼ਿਲਕਾ ਰੋਡ ’ਤੇ ਹੋਏ ਸੜਕ ਹਾਦਸੇ ’ਚ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਪਿੰਡ ਖਾਈ ਫੇਮੇਕੀ ਦੇ ਕੋਲ ਵਾਪਰਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਪ੍ਰੀਤ ਸਿੰਘ ਪਿੰਡ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਸ ਦਾ ਜੀਜਾ ਬਲਵੀਰ ਸਿੰਘ ਵਾਸੀ ਕੋਟ ਈਸੇ ਖਾਂ ਪਰਿਵਾਰ ਸਮੇਤ ਸ਼ਨੀਵਾਰ ਉਨ੍ਹਾਂ ਦੇ ਘਰ ਆਇਆ ਸੀ ਅਤੇ ਐਤਵਾਰ ਕਾਰ ਰਾਹੀਂ ਵਾਪਸ ਪਰਤ ਰਿਹਾ ਸੀ, ਜਦ ਕਿ ਉਹ ਆਪਣੀ ਕਾਰ ’ਚ ਉਸ ਦੇ ਪਿੱਛੇ-ਪਿੱਛੇ ਫਿਰੋਜ਼ਪੁਰ ਵੱਲ ਨੂੰ ਜਾ ਰਿਹਾ ਸੀ।
ਜਦ ਉਹ ਪਿੰਡ ਖਾਈ ’ਚ ਨਹਿਰਾਂ ਦੇ ਕੋਲ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਉਸ ਦੇ ਜੀਜੇ ਦੀ ਗੱਡੀ ਨੂੰ ਲਪੇਟ ’ਚ ਲੈ ਲਿਆ। ਹਾਦਸੇ ਨੂੰ ਅੰਜਾਮ ਦੇਣ ਵਾਲਾ ਟਰਾਲਾ ਚਾਲਕ ਉਥੋਂ ਭੱਜ ਗਿਆ, ਜਦ ਕਿ ਹਾਦਸੇ ’ਚ ਉਸ ਦੇ ਜੀਜੇ ਬਲਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਟਰਾਲੇ ਨੂੰ ਕਬਜ਼ੇ ’ਚ ਲੈ ਕੇ ਇਸ ਦੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਟਰਾਲਾ ਨੰਬਰ ਦੇ ਆਧਾਰ ’ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
