ਕੋਟ ਈਸੇ ਖਾਂ ਵਿਚ ਮਹਿਲਾ ਨੇ ਇਕੋ ਸਮੇਂ ਤਿੰਨ ਬੱਚਿਆਂ ਨੂੰ ਦਿੱਤਾ ਜਨਮ

Thursday, Apr 02, 2026 - 06:19 PM (IST)

ਕੋਟ ਈਸੇ ਖਾਂ ਵਿਚ ਮਹਿਲਾ ਨੇ ਇਕੋ ਸਮੇਂ ਤਿੰਨ ਬੱਚਿਆਂ ਨੂੰ ਦਿੱਤਾ ਜਨਮ

ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਤੋਂ ਇਕ ਬਹੁਤ ਹੀ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਥਾਨਕ ਨਿਵਾਸੀ ਮਨਦੀਪ ਕੌਰ, ਪਤਨੀ ਹਰਜੀਤ ਸਿੰਘ ਨੇ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ ਵਿਚ ਦੋ ਧੀਆਂ ਅਤੇ ਇਕ ਪੁੱਤਰ ਸ਼ਾਮਲ ਹਨ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਈ ਅਤੇ ਪਰਿਵਾਰ ਦੇ ਘਰ ਵਧਾਈਆਂ ਦਾ ਤਾਂਤਾ ਲੱਗ ਗਿਆ। ਜਾਣਕਾਰੀ ਮੁਤਾਬਕ ਇਹ ਡਿਲਿਵਰੀ ਡਾਕਟਰਾਂ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਂ ਅਤੇ ਤਿੰਨੇ ਨਵਜਨਮੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ। ਹਸਪਤਾਲ ਦੇ ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਕਿ ਸਾਰੇ ਬੱਚਿਆਂ ਦੀ ਹਾਲਤ ਨਾਰਮਲ ਹੈ ਅਤੇ ਉਨ੍ਹਾਂ ਨੂੰ ਵਧੀਆ ਦੇਖਭਾਲ ਹੇਠ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਹੋਰ ਬਿਹਤਰ ਰਹੇ।

ਇਸ ਖਾਸ ਮੌਕੇ ‘ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰ, ਦੋਸਤ ਅਤੇ ਗੁਆਂਢੀ ਲਗਾਤਾਰ ਘਰ ਪਹੁੰਚ ਕੇ ਵਧਾਈਆਂ ਦੇ ਰਹੇ ਹਨ ਅਤੇ ਨਵਜਨਮੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਹਨ। ਸਥਾਨਕ ਲੋਕਾਂ ਨੇ ਵੀ ਇਸਨੂੰ ਰੱਬ ਦੀ ਖਾਸ ਮੇਹਰ ਦੱਸਦਿਆਂ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਦੁਆਵਾਂ ਕੀਤੀਆਂ। ਪਰਿਵਾਰ ਨੇ ਇਸ ਖੁਸ਼ੀ ਦੇ ਮੌਕੇ ‘ਤੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਰੱਬ ਦੀ ਅਨਮੋਲ ਦਾਤ ਹੈ ਅਤੇ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਪਰਿਵਾਰ ਹੁਣ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਪੂਰੀ ਤਰ੍ਹਾਂ ਸਮਰਪਿਤ ਹੈ। 


author

Gurminder Singh

Content Editor

Related News