ਗੈਂਗਲੈਂਡ ਬਣਿਆ ਫਗਵਾੜਾ, ਹੁਣ ਨੈਸ਼ਨਲ ਹਾਈਵੇਅ ਉੱਪਰ ਕਾਰ ’ਤੇ ਫਾਇਰਿੰਗ

Friday, Apr 03, 2026 - 03:40 AM (IST)

ਗੈਂਗਲੈਂਡ ਬਣਿਆ ਫਗਵਾੜਾ, ਹੁਣ ਨੈਸ਼ਨਲ ਹਾਈਵੇਅ ਉੱਪਰ ਕਾਰ ’ਤੇ ਫਾਇਰਿੰਗ

ਫਗਵਾੜਾ (ਜਲੋਟਾ) - ਪੰਜਾਬ ਵਿਚ ਉਦਯੋਗਿਕ ਨਗਰੀ ਦੇ ਨਾਂ ਨਾਲ ਪ੍ਰਸਿੱਧ ਫਗਵਾੜਾ ਦਿਨ-ਬ-ਦਿਨ ਗੈਂਗਲੈਂਡ ਬਣਦਾ ਸਾਫ਼ ਤੌਰ ’ਤੇ ਦਿਖਾਈ ਦੇ ਰਿਹਾ ਹੈ। ਇਸ ਸਬੰਧ ਵਿਚ ਜਿੱਥੇ 31 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਸਥਾਨਕ ਸਰਕਾਰੀ ਸਿਵਲ ਹਸਪਤਾਲ ਵਿਚ ਹੋਈ ਗੁੰਡਾਗਰਦੀ ਅਤੇ ਹਸਪਤਾਲ ਦੇ ਬਾਹਰ ਕੀਤੀ ਗਈ ਫਾਇਰਿੰਗ ਦੇ ਮਾਮਲੇ ਦੀ ਚਰਚਾ ਲੋਕਾਂ ਦੀ ਜ਼ੁਬਾਨ ’ਤੇ ਹੈ, ਉੱਥੇ ਹੀ ਅੱਜ ਸ਼ਹਿਰ ਵਿਚ ਉਸ ਸਮੇਂ ਭਾਰੀ ਡਰ ਅਤੇ ਦਹਿਸ਼ਤ ਫੈਲ ਗਈ, ਜਦੋਂ ਨੈਸ਼ਨਲ ਹਾਈਵੇ ਨੰਬਰ 1 ’ਤੇ ਇਕ ਹੋਰ ਵਾਹਨ ਵਿਚ ਆਏ ਕਰੀਬ 4 ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਫਾਇਰਿੰਗ ਦੌਰਾਨ ਕਾਰ ਸਵਾਰ ਵਿਅਕਤੀ ਵਾਲ-ਵਾਲ ਬਚ ਗਿਆ।

ਉਕਤ ਵਾਰਦਾਤ, ਜੋ ਫਗਵਾੜਾ ਦੇ ਆਸ਼ੀਸ਼ ਹੋਟਲ ਦੇ ਕੋਲ ਹੋਈ ਹੈ, ਸਬੰਧੀ ਪੀੜਤ ਸੁਖਵਿੰਦਰ ਕੁਮਾਰ ਉਰਫ਼ ਹਨੀ ਵਾਸੀ ਕਾਸ਼ੀ ਨਗਰ ਫਗਵਾੜਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਾਰ ਰਾਹੀਂ ਜਾ ਰਿਹਾ ਸੀ। 4 ਅਣਪਛਾਤੇ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੱਛੇ ਤੋਂ ਹੀ ਉਸ ਦੀ ਗੱਡੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਕਾਰ ’ਤੇ ਫਾਇਰਿੰਗ ਹੁੰਦੀ ਦੇਖ ਕਾਰ ਦੀ ਰਫ਼ਤਾਰ ਤੇਜ਼ ਕਰ ਲਈ ਅਤੇ ਮੌਕੇ ਤੋਂ ਖ਼ੁਦ ਨੂੰ ਸੁਰੱਖਿਅਤ ਕੱਢ ਲਿਆ।

ਸੁਖਵਿੰਦਰ ਕੁਮਾਰ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਕਤ ਜਾਨਲੇਵਾ ਹਮਲਾ ਸਾਲ 2025 ਦੇ ਇਕ ਬਹੁ-ਚਰਚਿਤ ਮਾਮਲੇ ਨਾਲ ਜੁੜਿਆ ਹੋਇਆ ਹੈ। ਉਕਤ ਮਾਮਲੇ ਵਿਚ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਇਸੇ ਦੌਰਾਨ ਸੀ. ਆਈ. ਏ. ਸਟਾਫ਼ ਦੇ ਕੁਝ ਪੁਲਸ ਅਧਿਕਾਰੀਆਂ ਨੇ ਮਾਮਲਾ ਖ਼ਤਮ ਕਰਨ ਲਈ ਪਹਿਲਾਂ 10 ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਬਾਅਦ ਵਿਚ ਢਾਈ ਲੱਖ ਰੁਪਏ ਵਿਚ ਤੈਅ ਹੋਈ। ਪੈਸੇ ਦੇਣ ਤੋਂ ਬਾਅਦ ਉਸ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਡੀ. ਆਈ. ਜੀ. ਜਲੰਧਰ ਰੇਂਜ ਨੂੰ ਦਿੱਤੀ, ਜਿਸ ਵਿਚ ਜਾਂਚ ਤੋਂ ਬਾਅਦ 4 ਪੁਲਸ ਮੁਲਾਜ਼ਮਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਤਤਕਾਲੀ ਸੀ. ਆਈ. ਏ. ਇੰਚਾਰਜ ਵੀ ਸ਼ਾਮਲ ਰਿਹਾ ਸੀ।

ਪੀੜਤ ਨੇ ਗੰਭੀਰ ਦੋਸ਼ ਲਾਇਆ ਹੈ ਕਿ ਉਕਤ ਪੁਲਸ ਅਧਿਕਾਰੀ ਉਦੋਂ ਤੋਂ ਹੀ ਉਸ ’ਤੇ ਅਤੇ ਉਸ ਦੇ ਸਹੁਰੇ ’ਤੇ ਅਦਾਲਤ ਵਿਚ ਉਨ੍ਹਾਂ ਦੇ ਪੱਖ ਵਿਚ ਗਵਾਹੀ ਦੇਣ ਦਾ ਦਬਾਅ ਬਣਾ ਰਹੇ ਹਨ। ਉਸ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਆਪਣੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ ਵੀ ਸੁਣਾਈਆਂ, ਜਿਸ ਵਿਚ ਇਕ ਵਿਅਕਤੀ ਉਸ ਨੂੰ ਭੱਦੀਆਂ ਗਾਲਾਂ ਕੱਢਦੇ ਹੋਏ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਗੰਭੀਰ ਧਮਕੀਆਂ ਦੇ ਰਿਹਾ ਸੀ।

ਉਸ ਨੇ ਦੱਸਿਆ ਕਿ ਫਾਇਰਿੰਗ ਹੋਣ ਤੋਂ ਬਾਅਦ ਉਸ ਨੂੰ ਫਿਰ ਮੋਬਾਈਲ ਫ਼ੋਨ ’ਤੇ ਧਮਕੀ ਦਿੱਤੀ ਗਈ ਹੈ ਕਿ ‘ਇਹ ਤਾਂ ਸਿਰਫ਼ ਟ੍ਰੇਲਰ ਸੀ’। ਸੁਖਵਿੰਦਰ ਨੇ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਦਾਅਵੇ ਕਰਦਿਆਂ ਪੁਲਸ ’ਤੇ ਗੰਭੀਰ ਦੋਸ਼ ਲਗਾਏ ਹਨ। ਇਸੇ ਦੌਰਾਨ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਬਣਦਾ ਪੁਲਸ ਕੇਸ ਦਰਜ ਕੀਤਾ ਜਾਵੇਗਾ।
 


author

Inder Prajapati

Content Editor

Related News