ਵਾਈ-ਫਾਈ ਹਾਟਸਪਾਟ ਦੇ ਨਾਂ ''ਤੇ ਫਲਾਈਟ ''ਚ ਮਚ ਗਈ ਹਫੜਾ-ਦਫੜੀ

Friday, Dec 23, 2016 - 04:39 PM (IST)

ਵਾਈ-ਫਾਈ ਹਾਟਸਪਾਟ ਦੇ ਨਾਂ ''ਤੇ ਫਲਾਈਟ ''ਚ ਮਚ ਗਈ ਹਫੜਾ-ਦਫੜੀ
ਜਲੰਧਰ- ਸਾਨ ਫਰਾਂਸਿਸਕੋ ਤੋਂ ਬੋਸਟਨ ਜਾ ਰਹੀ ਵਰਜਿਨ ਏਅਰਲਾਈਨਜ਼ ਦੀ ਫਲਾਈਟ ''ਚ ਇਕ ਮੁਸਾਫਰ ਦੀ ਹਰਕਤ ਨਾਲ ਹਫੜਾ-ਦਫੜੀ ਮੱਚ ਗਈ। ਦਰਅਸਲ ਉਸ ਮੁਸਾਫਰ ਨੇ ਫਲਾਈਟ ਦੌਰਾਨ ਗਲੈਕਸੀ ਨੋਟ7_1097 ਨਾਂ ਨਾਲ ਵਾਈ-ਫਾਈ ਹਾਟਸਪਾਟ ਨੂੰ ਆਨ ਕਰ ਦਿੱਤਾ। ਦੱਸ ਦਈਏ ਕਿ ਬਲਾਸਟ ਹੋਣ ਕਾਰਨ ਸੈਮਸੰਗ ਦੇ ਇਸ ਸਮਾਰਟਫੋਨ ਨੂੰ ਸਾਰੀਆਂ ਅਮਰੀਕੀ ਫਲਾਈਟਾਂ ''ਚ ਲੈ ਕੇ ਜਾਣ ''ਤੇ ਰੋਕ ਹੈ। ਹਾਟਸਪਾਟ ਦਾ ਨਾਂ ਇਸ ਵਿਵਾਦਿਤ ਫੋਨ ਦੇ ਨਾਲ ''ਤੇ ਹੋਣ ਕਾਰਨ ਐਮਰਜੈਂਸੀ ਦੀ ਹਾਲਤ ਪੈਦਾ ਹੋ ਗਈ। 
ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਜਿਵੇਂ ਹੀ ਫਲਾਈਟ ਦੇ ਕਰੂ ਮੈਂਬਰਾਂ ਨੂੰ ਗਲੈਕਸੀ ਨੋਟ 7 ਨਾਂ ਦੇ ਵਾਈ-ਫਾਈ ਹਾਟਸਪਾਟ ਆਨ ਹੋਣ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਉਸ ਮੁਸਾਫਰ ਨੂੰ ਸੀਟ ਦੇ ਉੱਪਰ ਵਾਲੇ ਕਾਲ ਬਟਨ ਨੂੰ ਦਬਾਉਣ ਲਈ ਕਿਹਾ। ਜਦੋਂ ਕਿਸੇ ਵੀ ਮੁਸਾਫਰ ਨੇ ਕਾਲ ਬਟਨ ਨਹੀਂ ਦਬਾਇਆ ਤਾਂ ਪਾਇਲਟ ਨੂੰ ਦਖਲ ਦੇਣਾ ਪਿਆ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਸੈਮਸੰਗ ਗਲੈਕੀਸ ਨੋਟ 7 ਹੋਣ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਵੇਗੀ। ਇਸ ਐਲਾਨ ਤੋਂ ਬਾਅਦ ਉਸ ਮੁਸਾਫਰ ਨੇ ਮਜ਼ਾਕ ਦੀ ਜ਼ਿੰਮੇਵਾਰੀ ਲੈ ਲਈ ਅਤੇ ਕਿਹਾ ਕਿ ਫਲਾਈਟ ''ਚ ਕੋਈ ਗਲੈਕਸੀ ਨੋਟ7 ਸਮਾਰਟਫੋਨ ਨਹੀਂ ਹੈ। ਉਸ ਨੇ ਬੱਸ ਵਾਈ-ਫਾਈ ਹਾਟਸਪਾਟ ਨੂੰ ਹੀ ਨੋਟ7 ਦਾ ਨਾਂ ਦਿੱਤਾ ਹੈ। 
Lucas Wojciechowski ਨਾਂ ਦੇ ਮੁਸਾਫਰ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਇਸ ਹਰਕਤ ਲਈ ਜ਼ਿਮੇਵਾਰ ਵਿਅਕਤੀ ਖਿਲਾਫ ਏਅਰਲਾਈਨਜ਼ ਨੇ ਕੋਈ ਕਾਰਵਾਈ ਨਹੀਂ ਕੀਤੀ। ਬੀ.ਬੀ.ਸੀ. ਨੇ ਦੂਜੇ ਟਵਿਟਰ ਯੂਜ਼ਰ ਦੇ ਹਵਾਲੇ ਤੋਂ ਰਿਪੋਰਟ ''ਚ ਲਿਖਿਆ ਕਿ ਇਸ ਘਟਨਾ ਕਾਰਨ ਬੋਸਟਨ ''ਚ ਕਈ ਫਲਾਈਟਾਂ ''ਚ ਦੇਰੀ ਹੋਈ ਅਤੇ ਕੁਝ ਨੂੰ ਤਾਂ ਰੱਦ ਵੀ ਕਰ ਦਿੱਤਾ ਗਿਆ।

 


Related News