ਕੈਨੇਡਾ ਭੇਜਣ ਦੀ ਨਾਂ ''ਤੇ 21.10 ਲੱਖ ਦੀ ਠੱਗੀ, 2 ਟ੍ਰੈਵਲ ਏਜੰਟਾਂ ''ਤੇ ਮਾਮਲਾ ਦਰਜ
Saturday, Aug 02, 2025 - 05:24 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 21.10 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪੁਲਸ ਨੇ 2 ਟ੍ਰੈਵਲ ਏਜੰਟਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਬੁਰਜ ਟਹਿਲ ਦਾਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ ਜਿਸ ਲਈ ਉਸਨੇ ਬੰਗਾ ਵਿਖੇ ਟ੍ਰੈਵਲ ਏਜੰਟ ਦਾ ਕੰਮ ਕਰਨ ਵਾਲੇ ਟ੍ਰੈਵਲ ਏਜੰਟ ਸੁਰਜੀਤ ਰਾਮ ਦੇ ਨਾਲ ਸੰਪਰਕ ਕੀਤਾ।
ਉਸਨੇ ਦੱਸਿਆ ਕਿ ਉਸਦਾ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੌਦਾ 27 ਲੱਖ ਰੁਪਏ ਵਿਚ ਤੈਆ ਹੋਇਆ। ਉਸ ਨੇ ਦੱਸਿਆ ਕਿ ਉਸ ਨੇ ਟ੍ਰੈਵਲ ਏਜੰਟ ਸੁਰਜੀਤ ਰਾਮ ਨੂੰ ਵੱਖ-ਵੱਖ ਤਾਰੀਕਾਂ ’ਤੇ 6.90 ਲੱਖ ਅਤੇ ਉਸ ਦੇ ਕਹਿਣ ’ਤੇ ਅੱਗੇ ਇਕ ਹੋਰ ਏਜੰਟ ਮਜੂਮ ਵਾਸੀ ਕੌਚੀ (ਕੇਰਲਾ) ਦੇ ਖਾਤੇ ਵਿਚ 13.20 ਲੱਖ ਰੁਪਏ ਟਰਾਂਸਫਰ ਕੀਤੇ। ਉਸ ਨੇ ਦੱਸਿਆ ਕਿ ਟ੍ਰੈਵਲ ਏਜੰਟ ਸੁਰਜੀਤ ਰਾਮ ਦੇ ਕਹਿਣ ’ਤੇ ਉਸ ਨੇ 1 ਲੱਖ ਰੁਪਏ ਕੈਸ਼ ਉਸਦੇ ਲੜਕੇ ਨੂੰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਨਾ ਤੋਂ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕਰ ਰਹੇ ਹਨ।
ਐੱਸ.ਐੱਸ.ਪੀ.ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਐੱਸ.ਪੀ.(ਜਾਂਚ) ਵਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਔੜ ਦੀ ਪੁਲਸ ਨੇ ਉਕਤ ਏਜੰਟ ਸੁਰਜੀਤ ਰਾਮ ਪੁੱਤਰ ਰੱਖਾ ਰਾਮ ਵਾਸੀ ਪਿੰਡ ਭੌਰਾ ਥਾਣਾ ਸਦਰ ਬੰਗਾ ਅਤੇ ਮਜੂਮ ਵਾਸੀ ਕੌਚੀ (ਕੇਰਲਾ) ਦੇ ਖਿਲਾਫ਼ ਧੌਖਾਧੜੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।