ਜ਼ਮੀਨੀ ਝਗੜੇ ''ਚ ਗੁਆਂਢੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ''ਤਾ ਨੌਜਵਾਨ ਮੁੰਡਾ, ਮੌਕੇ ''ਤੇ ਹੀ ਹੋ ਗਈ ਮੌਤ

Tuesday, Aug 05, 2025 - 05:29 AM (IST)

ਜ਼ਮੀਨੀ ਝਗੜੇ ''ਚ ਗੁਆਂਢੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ''ਤਾ ਨੌਜਵਾਨ ਮੁੰਡਾ, ਮੌਕੇ ''ਤੇ ਹੀ ਹੋ ਗਈ ਮੌਤ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ਵਿੱਚ ਸੋਮਵਾਰ ਦੇਰ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਪਣੇ ਪਰਿਵਾਰ ਨਾਲ ਜਾ ਰਹੇ ਇੱਕ 27 ਸਾਲਾਂ ਦੇ ਨੌਜਵਾਨ ਨੂੰ ਉਸਦੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ 'ਚ ਰੋਕ ਕੇ ਘੇਰਾ ਪਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਦੇ ਪੇਟ ਵਿੱਚ ਵਾਰ ਹੋਣ ਦੇ ਕਾਰਨ ਉਸਦੀ ਬਟਾਲਾ ਦੇ ਹਸਪਤਾਲ ਲਿਆਂਦੇ ਸਮੇਂ ਰਾਹ ਵਿੱਚ ਹੀ ਮੌਤ ਹੋ ਗਈ। ਉੱਥੇ ਹੀ ਪਿੰਡ 'ਚ ਹੋਈ ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਤਨੀ, ਬਜ਼ੁਰਗ ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ।

ਇਹ ਵੀ ਪੜ੍ਹੋ : ਸਤੇਂਦਰ ਜੈਨ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਬੰਦ ਹੋਣ 'ਤੇ AAP ਨੇ BJP 'ਤੇ ਲਗਾਇਆ ਸਾਜ਼ਿਸ਼ ਦਾ ਦੋਸ਼ 

ਜਾਣਕਾਰੀ ਮੁਤਾਬਕ, ਮ੍ਰਿਤਕ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਅਤੇ ਰਿਸ਼ੇਤਦਾਰਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਨਾਲ ਪੁਰਾਣਾ ਜ਼ਮੀਨੀ ਝਗੜਾ ਚੱਲ ਰਿਹਾ ਸੀ ਅਤੇ ਮ੍ਰਿਤਕ ਦੀ ਪਤਨੀ ਮੁਤਾਬਕ ਉਹ ਅਤੇ ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਨ੍ਹਾਂ ਨਾਲ ਉਹਨਾਂ ਦੇ ਪਰਿਵਾਰ ਦਾ ਜ਼ਮੀਨੀ ਵਿਵਾਦ ਹੈ, ਉਹਨਾਂ ਦੇ ਪਰਿਵਾਰ ਵਲੋਂ ਇਕੱਠੇ ਹੋ ਕੇ ਉਸਦੇ ਪਤੀ ਅਤੇ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਹਮਲੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ। ਉਧਰ, ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਸ ਬਲਜਿੰਦਰ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ।

ਉਧਰ, ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦੋਂ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾਂ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ 'ਚ ਰੱਖਿਆ ਗਿਆ ਹੈ ਅਤੇ ਪੁਲਸ ਨੂੰ ਵੀ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਉਧਰ, ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦੇ ਕਤਲ ਦੀ ਸੂਚਨਾ ਮਿਲਣ 'ਤੇ ਪੁਲਸ ਹਸਪਤਾਲ ਪਹੁੰਚ ਗਈ ਸੀ ਅਤੇ ਉਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News