ਟਾਵਰ ਲਾਉਣ ਦੇ ਨਾਂ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ
Friday, Aug 08, 2025 - 11:24 AM (IST)

ਮਾਨਸਾ (ਸੰਦੀਪ ਮਿੱਤਲ) : ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਸ ਨੇ ਟਾਵਰ ਲਗਾਉਣ ਦੇ ਨਾਂ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੋਰਟਲ ’ਤੇ ਜਸਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਖੋਖਰ ਕਲਾਂ (ਮਾਨਸਾ) ਵੱਲੋਂ ਉਸ ਨਾਲ ਟਾਵਰ ਲਗਵਾਉਣ ਦੇ ਨਾਂ ’ਤੇ 70,82,373 ਰੁਪਏ ਦੀ ਠੱਗੀ ਮਾਰਨ ਸਬੰਧੀ ਸ਼ਿਕਾਇਤ ਮਿਲੀ ਸੀ।
ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਥਾਣਾ ਸਾਇਬਰ ਕ੍ਰਾਈਮ ਮਾਨਸਾ ਬਰਖਿਲਾਫ ਸਾਹਿਲ ਕੁਮਾਰ ਉਰਫ਼ ਗੋਰਾ ਪੁੱਤਰ ਰਾਜ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਸੁਭਾਸ਼ ਨਗਰ, ਨੇੜੇ ਐਕਟੀਵਿਟੀ ਸਕੂਲ ਹਾਂਸੀ (ਹਰਿਆਣਾ), ਸੋਨੂੰ ਪੁੱਤਰ ਧਰਮਵੀਰ ਵਾਸੀ ਦਿਆਲ ਸਿੰਘ ਕਾਲੋਨੀ ਹਿਸ਼ਾਰ, ਹਾਲ ਆਬਾਦ ਗੁੜਗਾਓਂ (ਹਰਿਆਣਾ) ਅਤੇ ਨਾਮਲੂਮ 'ਤੇ ਮਾਮਲਾ ਰਜਿਸਟਰ ਕੀਤਾ ਗਿਆ।
ਮੁੱਖ ਅਫ਼ਸਰ ਥਾਣਾ ਸਾਈਬਰ ਕ੍ਰਾਈਮ ਮਾਨਸਾ ਦੀ ਅਗਵਾਈ ਹੇਠ ਇੰਸ. ਪੁਸ਼ਪਿੰਦਰ ਕੌਰ ਸਮੇਤ ਥਾਣਾ ਸਾਈਬਰ ਕ੍ਰਾਈਮ ਮਾਨਸਾ ਦੀ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਮੁਕੱਦਮਾ ’ਚ ਸਾਹਿਲ ਕੁਮਾਰ ਉਰਫ਼ ਗੋਰਾ ਉਕਤ ਨੂੰ ਮਿਤੀ 31.7.2025 ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 8,11,000 ਰੁਪਏ ਨਕਦ, 06 ਮੋਬਾਇਲ ਫੋਨ ਟੱਚ ਸਕਰੀਨ, 09 ਮੋਬਾਇਲ ਫੋਨ ਕੀਪੈਡ, 04 ਸਿੰਮ ਕਾਰਡ, 01 ਲੈਪਟਾਪ, 01 ਕਲਰ ਪ੍ਰਿੰਟਰ, 02 ਜ਼ਾਅਲੀ ਮੋਹਰਾਂ, 19 ਕਾਰਡ, 10 ਬੈਂਕ ਪਾਸਬੁੱਕਾਂ, 02 ਜਾਅਲੀ ਜੋਬ ਐਗਰੀਮੈਂਟ ਲੈਟਰ, 03 ਪੈਨ, 16 ਡਾਕਖਾਨੇ ਦੀਆ ਰਸੀਦਾਂ ਬਰਾਮਦ ਕੀਤੀਆਂ। ਦੌਰਾਨੇ ਜਾਂਚ ਤਰੁਣ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਡਾਕਖਾਨੇ ਦੇ ਬੈਕ ਸਾਈਡ ਬਹਾਦਰਗੜ੍ਹ (ਹਰਿਆਣਾ) ਨੂੰ ਨਾਮਜ਼ਦ ਕਰ ਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।