ਪੰਜਾਬ "ਚ ਇਨ੍ਹਾਂ ਵਾਹਨ ਚਾਲਕਾਂ ਦੀ ਆ ਗਈ ਸ਼ਾਮਤ, ਸ਼ੁਰੂ ਹੋ ਗਈ ਕਾਰਵਾਈ
Monday, Jul 28, 2025 - 01:19 PM (IST)

ਦੇਵੀਗੜ੍ਹ (ਨੌਗਾਵਾਂ) : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲੇ ਅੰਦਰ ਨਿੱਜੀ ਸਕੂਲਾਂ ’ਚ ਸੇਫ਼ ਸਕੂਲ ਵਾਹਨ ਨੀਤੀ ਅਮਲੀ ਰੂਪ ’ਚ ਲਾਗੂ ਕਰਨ ਦੇ ਆਦੇਸ਼ਾਂ ਤਹਿਤ ਐੱਸ. ਡੀ. ਐੱਮ. ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਦੀ ਅਗਵਾਈ ਹੇਠ ਟਰੈਫਿਕ ਇੰਚਾਰਜ ਸਰਕਲ ਦੇਵੀਗੜ੍ਹ ਤਰਸੇਮ ਕੁਮਾਰ ਨੇ ਆਪਣੀ ਟੀਮ ਸਮੇਤ ਸੇਫ਼ ਸਕੂਲ ਵਾਹਨ ਨੀਤੀ ਦੀ ਉਲੰਘਣਾ ਕਰਨ ’ਤੇ ਦੇਵੀਗੜ੍ਹ ਇਲਾਕੇ ਦੇ 2 ਪ੍ਰਾਈਵੇਟ ਸਕੂਲਾਂ ਦੀਆਂ 6 ਬੱਸਾਂ ਦੇ ਚਲਾਨ ਕੱਟੇ ਗਏ। ਐੱਸ. ਡੀ. ਐੱਮ. ਦੁਧਨਸਾਧਾਂ ਕ੍ਰੇ ਦੱਸਿਆ ਕਿ ਟਰੈਫਿਕ ਪੁਲਸ ਦੇ ਸਹਿਯੋਗ ਨਾਲ ਅੱਜ ਦੋ ਨਿੱਜੀ ਸਕੂਲਾਂ ਦੇ ਵਾਹਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਸਕੂਲ ਆਉਣ-ਜਾਣ ਸਮੇਂ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ‘ਸੇਫ਼ ਸਕੂਲ ਵਾਹਨ ਪਾਲਿਸੀ’ ਨੂੰ ਅਮਲੀ ਰੂਪ ’ਚ ਲਾਗੂ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਡੈਮ 'ਚੋਂ ਛੱਡਿਆ ਪਾਣੀ, ਪੰਜਾਬ ਵਿਚ ਜਾਰੀ ਹੋਇਆ ਅਲਰਟ, ਇਹ ਇਲਾਕੇ ਰਹਿਣ ਸਾਵਧਾਨ
ਐੱਸ. ਡੀ. ਐੱਮ. ਨੇ ਕਿਹਾ ਕਿ ਸਕੂਲ ਮੁਖੀ ਸੇਫ਼ ਸਕੂਲ ਵਾਹਨ ਨੀਤੀ ਨੂੰ ਹਰ ਹਾਲ ’ਚ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਤੌਰ ’ਤੇ ਟਰਾਂਸਪੋਰਟ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਟਰਾਂਸਪੋਟਰਾਂ ਸਮੇਤ ਸਕੂਲ ਆਪਣੇ ਵਾਹਨਾਂ ’ਚ ਰਹਿੰਦੀਆਂ ਕਮੀਆਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਪੂਰਾ ਕਰਨਾ ਯਕੀਨੀ ਬਣਾਉਣ। ਜੇਕਰ ਇਸ ਨੀਤੀ ਨੂੰ ਲਾਗੂ ਕਰਨ ’ਚ ਕੋਈ ਸਕੂਲ ਅਣਗਹਿਲੀ ਵਰਤਦਾ ਹੈ ਤਾਂ ਪ੍ਰਿੰਸੀਪਲ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੈਫਿਕ ਇੰਚਾਰਜ ਤਰਸੇਮ ਕੁਮਾਰ ਨੇ ਦੱਸਿਆ ਕਿ ਬਿਨ੍ਹਾਂ ਵਰਦੀ, ਬਿਨਾਂ ਨਾਮ ਤੋਂ ਚੱਲਦੀਆਂ ਸਕੂਲੀ ਬੱਸਾਂ, ਮੁੱਢਲੀ ਸਹਾਇਤਾ ਬਕਸੇ, ਅੱਗ ਬੁਝਾਊ ਯੰਤਰ, ਸੀ. ਸੀ. ਟੀ. ਵੀ. ਕੈਮਰੇ, ਓਵਰ-ਲੋਡਿੰਗ ਨਾ ਹੋਣਾ ਸਮੇਤ ਹੋਰ ਬੇਨਿਯਮੀਆਂ ਕਰਨ ਵਾਲਿਆਂ ਦੇ 6 ਚਲਾਨ ਕੱਟੇ ਗਏ ਹਨ।