ਕ੍ਰਿਪਟੋ ’ਚ ਪੈਸੇ ਨਿਵੇਸ਼ ਦੇ ਨਾਂ ’ਤੇ ਕੈਬ ਚਾਲਕ ਤੋਂ 6 ਲੱਖ 58 ਹਜ਼ਾਰ ਠੱਗੇ
Monday, Jul 28, 2025 - 01:27 PM (IST)

ਚੰਡੀਗੜ੍ਹ (ਸੁਸ਼ੀਲ) : ਕ੍ਰਿਪਟੋ ’ਚ ਪੈਸੇ ਨਿਵੇਸ਼ ਦੇ ਨਾਂ ’ਤੇ ਸੈਕਟਰ-45 ਵਾਸੀ ਕੈਬ ਚਾਲਕ ਨਾਲ ਠੱਗਾਂ ਨੇ 6 ਲੱਖ 58 ਹਜ਼ਾਰ 417 ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤਕਰਤਾ ਜਦੋਂ ਨਿਵੇਸ਼ ਕੀਤੇ ਪੈਸੇ ਕੱਢਵਾਉਣ ਲੱਗਾ ਤਾਂ ਕੰਪਨੀ ਨੇ ਪੈਸੇ ਹੋਲਡ ਕਰਕੇ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ। ਸੈਕਟਰ-45 ਵਾਸੀ ਭਜਨ ਸਿੰਘ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਉਸਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਭਜਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ’ਤੇ ਪਰਚਾ ਦਰਜ ਕਰ ਲਿਆ।
ਸੈਕਟਰ-45 ਵਾਸੀ ਭਜਨ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਉਬਰ ਕੰਪਨੀ ਲਈ ਕੈਬ ਚਲਾਉਂਦਾ ਹੈ। 15 ਦਸੰਬਰ 2024 ਨੂੰ ਟੈਲੀਗ੍ਰਾਮ ਰਾਹੀਂ ਆਯੁਸ਼ ਠਾਕੁਰ ਨਾਲ ਸੰਪਰਕ ਹੋਇਆ ਸੀ। ਆਯੁਸ਼ ਨੇ ਉਸਨੂੰ ਕ੍ਰਿਪਟੋ ਕਰੰਸੀ ’ਚ ਪੈਸੇ ਨਿਵੇਸ਼ ਕਰਨ ਬਾਰੇ ਦੱਸਿਆ। ਇਸ ਤੋਂ ਬਾਅਦ ਟੈਲੀਗ੍ਰਾਮ ’ਤੇ ਟਾਸਕ ਦਿੱਤੇ ਗਏ। ਇਸ ਤੋਂ ਬਾਅਦ ਯੂਕੋਨ ਸਾਈਟ ’ਤੇ ਆਈ. ਡੀ. ਬਣਾ ਕੇ ਟਾਸਕ ਦਿੰਦੇ ਰਹੇ। ਸ਼ੁਰੂਆਤ ’ਚ ਸ਼ਿਕਾਇਤਕਰਤਾ ਨੇ ਪੈਸੇ ਨਿਵੇਸ਼ ਕਰਨ ’ਤੇ 2 ਵਾਰ ਮੁਨਾਫ਼ਾ ਦੇ ਕੇ 50 ਹਜ਼ਾਰ ਰੁਪਏ ਹੋਲਡ ਕਰ ਦਿੱਤੇ।
ਜਦੋਂ ਉਹ ਪੈਸੇ ਕੱਢਵਾਉਣ ਲੱਗਾ ਤਾਂ ਹੋਰ ਪੈਸੇ ਨਿਵੇਸ਼ ਕਰਨ ਲਈ ਕਿਹਾ। ਇਸ ਦੇ ਬਾਅਦ 1 ਲੱਖ 23 ਹਜ਼ਾਰ ਰੁਪਏ ਕ੍ਰਿਪਟੋ ’ਚ ਨਿਵੇਸ਼ ਕਰ ਦਿੱਤੇ। ਇਸ ਤੋਂ ਬਾਅਦ ਵੀ ਹੋਲਡ ਕੀਤੇ ਪੈਸੇ ਉਸ ਨੂੰ ਨਹੀਂ ਮਿਲੇ। ਉਸ ਨੇ ਕੁੱਲ 6 ਲੱਖ 58 ਹਜ਼ਾਰ 417 ਰੁਪਏ ਕ੍ਰਿਪਟੋ ’ਚ ਨਿਵੇਸ਼ ਕਰ ਦਿੱਤੇ ਪਰ ਉਸ ਨੂੰ ਕੋਈ ਪੈਸਾ ਨਹੀਂ ਮਿਲਿਆ। ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਪੁਲਸ ਬੈਂਕ ਖ਼ਾਤੇ ਰਾਹੀਂ ਠੱਗਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।