Meta ਨਾਂ ਨਾਲ ਲਾਂਚ ਹੋਵੇਗੀ ਫੇਸਬੁੱਕ ਦੀ ਪਹਿਲੀ ਸਮਾਰਟਵਾਚ, ਐਪਲ ਵਾਚ ਨਾਲ ਹੋਵੇਗਾ ਮੁਕਾਬਲਾ
Friday, Oct 29, 2021 - 05:55 PM (IST)

ਗੈਜੇਟ ਡੈਸਕ– ਫੇਸਬੁੱਕ ਹੁਣ ਮੇਟਾ ਪਲੇਟਫਾਰਮ ਹੋ ਗਿਆ ਹੈ, ਮਤਲਬ ਹੁਣ ਫੇਸਬੁੱਕ ਨੂੰ ਮੇਟਾ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦਾ ਅਧਿਕਾਰਤ ਐਲਾਨ ਵੀ ਹੋ ਗਿਆ ਹੈ। ਹੁਣ ਖਬਰ ਹੈ ਕਿ ਮੇਟਾ ਜਲਦ ਹੀ ਆਪਣਾ ਪਹਿਲਾ ਗੈਜੇਟ ਸਮਾਰਟਵਾਚ ਦੇ ਰੂਪ ’ਚ ਪੇਸ਼ ਕਰੇਗੀ। ਮੇਟਾ ਸਮਾਰਟਵਾਚ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਮੁਤਾਬਕ, ਸਮਾਰਟਵਾਚ ਨੂੰ ਫਰੰਟ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ।
ਲੀਕ ਰਿਪੋਰਟ ਮੁਤਾਬਕ, ਮੇਟਾ ਵਾਚ ’ਚ ਰਾਊਂਡ ਸਕਰੀਨ ਮਿਲੇਗੀ ਅਤੇ ਫਰੰਟ ’ਚ ਕੈਮਰਾ ਵੀ ਹੋਵੇਗਾ। ਮੇਟਾ ਸਮਾਰਟਵਾਚ ਦੀ ਫੋਟੋ ਇਕ ਆਈਫੋਨ ਐਪ ਰਾਹੀਂ ਲੀਕ ਹੋਈ ਹੈ। ਲੀਕ ਤਸਵੀਰਾਂ ਮੁਤਾਬਕ, ਮੇਟਾ ਵਾਚ ਦੀ ਸਕਰੀਨ ਦੇ ਕਿਨਾਰੇ ਕਵਰਡ ਹੋਣਗੇ। ਵਾਚ ਦੇ ਸੱਜੇ ਪਾਸੇ ਇਕ ਬਟਨ ਵੀ ਮਿਲੇਗਾ। ਮੇਟਾ ਵਾਚ ਦੀ ਤਸਵੀਰ ਕੰਪਨੀ ਦੇ ਸਮਾਰਟ ਗਲਾਸ ਐਪ ਤੋਂ ਮਿਲੀ ਹੈ ਜਿਸ ਨੂੰ ਕੁਝ ਦਿਨ ਪਹਿਲਾਂ Ray-Ban ਦੀ ਸਾਂਝੇਦਾਰੀ ’ਚ ਪੇਸ਼ ਕੀਤਾ ਗਿਆ ਹੈ, ਹਾਲਾਂਕਿ, ਮੇਟਾ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
ਮੇਟਾ ਵਾਚ ਨੂੰ ਅਜਿਹੇ ਸਟ੍ਰੈਪ ਨਾਲ ਪੇਸ਼ ਕੀਤਾ ਜਾਵੇਗਾ ਜਿਸ ਨੂੰ ਆਸਾਨੀ ਨਾਲ ਅਲੱਗ ਕੀਤਾ ਜਾ ਸਕੇਗਾ। ਮੇਟਾ ਵਾਚ ਦੇ ਨਾਲ ਵੱਡੀ ਡਿਸਪਲੇਅ ਮਿਲੇਗੀ ਜਿਸ ਦਾ ਡਿਜ਼ਾਇਨ ਕਾਫੀ ਹੱਦ ਤਕ ਐਪਲ ਵਾਚ ਵਰਗਾ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਗੂਗਲ ਫਿਟਬਿਟ ਅਤੇ ਗਾਰਮਿਨ ਵਾਚ ’ਚ ਮੌਜੂਦ ਕਈ ਫਿਟਨੈੱਸ ਟ੍ਰੈਕਿੰਗ ਫੀਚਰ ਹੋਣਗੇ। ਵਾਚ ’ਚ ਦਿੱਤੇ ਗਏ ਕੈਮਰੇ ਦਾ ਇਸਤੇਮਾਲ ਵੀਡੀਓ ਕਾਨਫਰੰਸਿੰਗ ਲਈ ਹੋ ਸਕਦਾ ਹੈ। ਅਜਿਹਾ ਪਹਿਲਾ ਵਾਰ ਹੋਵੇਗਾ ਜਦੋਂ ਕਿਸੇ ਸਮਾਰਟਵਾਚ ’ਚ ਕੈਮਰਾ ਮਿਲੇਗਾ।
ਮੇਟਾ ਵਾਚ ਦੀ ਲਾਂਚਿੰਗ 2022 ਦੀ ਸ਼ੁਰੂਆਤ ’ਚ ਹੋ ਸਕਦੀ ਹੈ। ਇਸ ਸਾਲ ਫਰਵਰੀ ’ਚ ਵੀ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਇਕ ਅਜਿਹੀ ਸਮਾਰਟਵਾਚ ’ਤੇ ਕੰਮ ਕਰ ਰਹੀ ਹੈ ਜਿਸ ਵਿਚ ਫਿਟਨੈੱਸ ਟ੍ਰੈਕਰ ਫੀਚਰ ਦੇ ਨਾਲ-ਨਾਲ ਮੈਸੇਜ ਭੇਜਣ ਦੀ ਵੀ ਸੁਵਿਧਾ ਹੋਵੇਗਾ। ਫੇਸਬੁੱਕ ਦੀ ਸਮਾਰਟਵਾਚ ਦੀ ਵਿਕਰੀ ਦੀ ਸ਼ੁਰੂਆਤ ਅਗਲੇ ਸਾਲ ਹੋਵੇਗੀ। ਫੇਸਬੁੱਕ ਦੀ ਵਾਚ ’ਚ ਸੈਲੁਲਰ ਕੁਨੈਕਸ਼ਨ ਹੋਵੇਗਾ ਜਿਸ ਦੀ ਮਦਦ ਨਾਲ ਯੂਜ਼ਰਸ ਮੈਸੇਜ ਭੇਜ ਸਕਣਗੇ।