Instagram ਨੇ ਲਾਂਚ ਕੀਤਾ ਨਵਾਂ ਫੀਚਰ, ਯੂਜ਼ਰਜ਼ ਨੂੰ ਹੋਣਗੇ ਇਹ ਫਾਇਦੇ
Wednesday, Oct 16, 2024 - 05:16 PM (IST)

ਗੈਜੇਟ ਡੈਸਕ- ਇੰਸਟਾਗ੍ਰਾਮ ਨੇ ਕ੍ਰਿਏਟਰਾਂ ਲਈ ਇਕ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਉਨ੍ਹਾਂ ਨੂੰ ਆਪਣੀ ਪ੍ਰੋਫਾਈਲ ਨੂੰ ਦੂਜਿਆਂ ਦੇ ਨਾਲ ਸਾਂਝਾ ਕਰਨਾ ਆਸਾਨ ਅਤੇ ਮਜ਼ੇਦਾਰ ਬਣਾਉਂਦਾ ਹੈ। ਹੁਣ ਉਹ ਮੈਟਾ-ਮਲਕੀਅਤ ਵਾਲੇ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੋ ਤਰਫਾ ਡਿਜੀਟਲ ਕਾਰਡ ਬਣਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਫੀਚਰ ਮੈਟਾ ਦੁਆਰਾ ਹਾਲ ਹੀ 'ਚ ਪੇਸ਼ ਕੀਤੇ ਗਏ 'ਸਾਂਗ ਆਨ ਪ੍ਰੋਫਾਈਲ' ਫੀਚਰ ਤੋਂ ਬਾਅਦ ਆਇਆ ਹੈ, ਜੋ ਯੂਜ਼ਰਜ਼ ਨੂੰ ਉਨ੍ਹਾਂ ਦੀ ਪ੍ਰੋਫਾਈਲ 'ਤੇ ਇਕ ਗਾਣਾ ਜੋੜਨ ਦੀ ਸਹੂਲ ਦਿੰਦਾ ਹੈ।
ਇੰਸਟਾਗ੍ਰਾਮ 'ਤੇ ਪ੍ਰੋਫਾਈਲ ਕਾਰਡਸ
ਇੰਸਟਾਗ੍ਰਾਮ ਦੇ ਬਲਾਗ ਦੇ ਅਨੁਸਾਰ ਨਵਾਂ ਪ੍ਰੋਫਾਈਲ ਕਾਰਡ ਯੂਜ਼ਰਜ਼ ਨੂੰ ਇਕ ਜ਼ਿਆਦਾ ਵਿਅਕਤੀਗਤ ਅਤੇ ਐਨੀਮੇਟਿਡ ਡਿਜੀਟਲ ਕਾਰਡ ਬਣਾਉਣ ਦਾ ਆਪਸ਼ਨ ਦਿੰਦਾ ਹੈ, ਜਿਸ ਨੂੰ ਉਹ ਦੂਜਿਆਂ ਦੇ ਨਾਲ ਸਾਂਝਾ ਕਰ ਸਕਦੇ ਹਨ। ਇਸ ਕਾਰਡ 'ਚ QR ਕੋਡ ਤੋਂ ਇਲਾਵਾ ਬਾਇਓ ਜਾਣਕਾਰੀ, ਲਿੰਕ, ਵਿਅਕਤੀਗਤਤਾ ਨੂੰ ਦਰਸ਼ਾਉਣ ਵਾਲਾ ਮਿਊਜ਼ਿਕ ਅਤੇ ਹੋਰ ਕੰਟੈਂਟ ਜੋੜਨ ਦੇ ਆਪਸ਼ਨ ਮਿਲਦੇ ਹਨ। ਯੂਜ਼ਰਜ਼ ਬੈਕਗ੍ਰਾਊਂਡ ਰੰਗ ਬਦਲ ਸਕਦੇ ਹਨ, ਸੈਲਫੀ ਜਾਂ ਕਸਟਮ ਇਮੋਜੀ ਨੂੰ ਬੈਕਗ੍ਰਾਊਂਡ ਦੇ ਰੂਪ 'ਚ ਜੋੜ ਸਕਦੇ ਹਨ।
ਇਸ ਕਾਰਡ ਦਾ ਇਕ ਹਿੱਸਾ ਸਾਂਝਾ ਕਰਨ ਯੋਗ ਹੁੰਦਾ ਹੈ, ਜਦੋਂਕਿ ਦੂਜੇ ਪਾਸੇ ਇਕ QR ਕੋਡ ਹੁੰਦਾ ਹੈ, ਜਿਸ ਨੂੰ ਹੋਰ ਲੋਕ ਸਕੈਨ ਕਰਕੇ ਪ੍ਰੋਫਾਈਲ 'ਤੇ ਜਾ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਕ੍ਰਿਏਟਰਾਂ ਲਈ ਬ੍ਰਾਂਡਸ ਦੇ ਨਾਲ ਆਸਾਨੀ ਨਾਲ ਕੋਲੈਬੋਰੇਸ਼ਨ ਲਈ ਆਪਣੀ ਪ੍ਰੋਫਾਈਲ ਸਾਂਝੀ ਕਰਨ ਦਾ ਤੇਜ ਤਰੀਕਾ ਹੋ ਸਕਦਾ ਹੈ। ਉਂਝ ਪਹਿਲਾਂ ਤੋਂ ਹੀ ਇੰਸਟਗ੍ਰਾਮ 'ਤੇ ਪ੍ਰੋਫਾਈਲ ਕਾਰਡਸ ਨੂੰ ਸਾਂਝਾ ਕਰਨ ਦਾ ਆਪਸ਼ਨ ਉਪਲੱਬਧ ਸੀ ਪਰ ਇਹ ਸਿਰਫ QR ਕੋਡ ਤਕ ਸੀਮਿਤ ਸੀ। ਹੁਣ ਯੂਜ਼ਰਜ਼ ਆਪਣੀਆਂ ਰੁਚੀਆਂ ਜਦਾਂ ਪਸੰਦੀਦਾ ਸੰਗੀਤ ਨੂੰ ਵੀ ਸਾਂਝਾ ਕਰ ਸਕਦੇ ਹਨ।
ਇੰਝ ਸਾਂਝਾ ਕਰੋ ਪ੍ਰੋਫਾਈਲ ਕਾਰਡਸ
ਪ੍ਰੋਫਾਈਲਡ ਕਾਰਡਸ ਨੂੰ ਸਾਂਝਾ ਕਰਨ ਲਈ ਯੂਜ਼ਰਜ਼ ਨੂੰ ਇੰਸਟਾਗ੍ਰਾਮ ਦੇ ਪ੍ਰੋਫਾਈਲ ਸੈਕਸ਼ਨ 'ਚ ਜਾ ਕੇ 'ਸ਼ੇਅਰ ਪ੍ਰੋਫਾਈਲ' ਆਪਸ਼ਨ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਐਡਿਟ ਆਈਕਨ ਦੀ ਚੋਣ ਕਰਕੇ ਲੋੜੀਂਦੀ ਜਾਣਕਾਰੀ ਸ਼ਾਮਲ ਕਰ ਸਕਦੇ ਹਨ। ਪ੍ਰੋਫਾਈਲ ਕਾਰਡਸ ਨੂੰ ਇੰਸਟਾਗ੍ਰਾਮ ਸਟੋਰੀਜ਼ ਤੋਂ ਇਲਾਵਾ ਹੋਰ ਪਲੇਟਫਾਰਮਾਂ 'ਤੇ ਵੀ ਸਾਂਝਾ ਕੀਤਾ ਜਾ ਸਕਦਾ ਹੈ।