Android ਯੂਜ਼ਰਸ ਨੂੰ ਵੱਡਾ ਝਟਕਾ! Google ਨੇ ਅਚਾਨਕ ਬੰਦ ਕੀਤਾ ਸਭ ਤੋਂ ਘੈਂਟ ਫੀਚਰ
Wednesday, Feb 25, 2026 - 11:26 AM (IST)
ਗੈਜੇਟ ਡੈਸਕ - ਜੇਕਰ ਤੁਸੀਂ ਵੀ ਆਪਣੇ ਐਂਡਰਾਇਡ ਫੋਨ 'ਤੇ ਸਿੱਧਾ ਗੂਗਲ ਵੈਦਰ ਖੋਲ੍ਹ ਕੇ ਮੌਸਮ ਦੇਖਣ ਦੇ ਸ਼ੌਕੀਨ ਸੀ, ਤਾਂ ਇਹ ਖ਼ਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਗੂਗਲ ਨੇ ਆਪਣੇ ਪੁਰਾਣੇ ਅਤੇ ਮਸ਼ਹੂਰ 'ਕਲਾਸਿਕ ਵੈਦਰ ਇੰਟਰਫੇਸ' ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਇਹ ਫੀਚਰ ਖਾਸ ਤੌਰ 'ਤੇ ਆਪਣੇ "Froggy" (ਡੱਡੂ ਵਾਲਾ) ਬੈਕਗ੍ਰਾਊਂਡ ਅਤੇ ਸਾਫ਼-ਸੁਥਰੇ ਅਨੁਭਵ ਲਈ ਜਾਣਿਆ ਜਾਂਦਾ ਸੀ।
ਕੀ ਸੀ ਪੁਰਾਣਾ ਫੀਚਰ?
ਪੁਰਾਣਾ ਗੂਗਲ ਵੈਦਰ ਕੋਈ ਵੱਖਰੀ ਐਪ ਨਹੀਂ ਸੀ, ਸਗੋਂ ਗੂਗਲ ਐਪ ਦੇ ਅੰਦਰ ਹੀ ਇਕ ਫੁੱਲ-ਸਕ੍ਰੀਨ ਇੰਟਰਫੇਸ ਸੀ। ਜਿਵੇਂ ਹੀ ਯੂਜ਼ਰ ਵੈਦਰ ਸ਼ਾਰਟਕੱਟ 'ਤੇ ਟੈਪ ਕਰਦੇ ਸਨ, ਇਕ ਬਿਨਾਂ ਕਿਸੇ ਇਸ਼ਤਿਹਾਰ ਜਾਂ ਵਾਧੂ ਲਿੰਕ ਵਾਲੀ ਸਕ੍ਰੀਨ ਖੁੱਲ੍ਹਦੀ ਸੀ। ਇਸ 'ਚ ਮੌਜੂਦਾ ਤਾਪਮਾਨ ਅਤੇ 10 ਦਿਨਾਂ ਦਾ ਪੂਰਵ-ਅਨੁਮਾਨ ਦੇਖਣਾ ਬਹੁਤ ਆਸਾਨ ਸੀ। ਗੈਰ-ਪਿਕਸਲ ਐਂਡਰਾਇਡ ਡਿਵਾਈਸਾਂ ਲਈ ਮੌਸਮ ਦੇਖਣ ਦਾ ਇਹ ਸਭ ਤੋਂ ਤੇਜ਼ ਤਰੀਕਾ ਸੀ।
ਹੁਣ ਕੀ ਹੋਇਆ ਬਦਲਾਅ?
ਹੁਣ ਜਦੋਂ ਯੂਜ਼ਰਸ ਉਸੇ ਵੈਦਰ ਸ਼ਾਰਟਕੱਟ 'ਤੇ ਕਲਿੱਕ ਕਰਦੇ ਹਨ, ਤਾਂ ਉਹ ਸਿੱਧਾ ਗੂਗਲ ਸਰਚ ਪੇਜ 'ਤੇ ਪਹੁੰਚ ਜਾਂਦੇ ਹਨ। ਹਾਲਾਂਕਿ ਨਵੇਂ ਇੰਟਰਫੇਸ 'ਚ ਹਵਾ ਦੀ ਗੁਣਵੱਤਾ (AQI) ਅਤੇ ਹੋਰ ਵਿਸਤ੍ਰਿਤ ਜਾਣਕਾਰੀ ਪਹਿਲਾਂ ਨਾਲੋਂ ਜ਼ਿਆਦਾ ਹੈ, ਪਰ ਹੁਣ ਇਹ ਇਕ ਆਮ ਸਰਚ ਪੇਜ ਵਾਂਗ ਦਿਖਾਈ ਦਿੰਦਾ ਹੈ ਜਿਸ 'ਚ ਕਈ ਤਰ੍ਹਾਂ ਦੇ ਲਿੰਕ ਅਤੇ ਵਿਗਿਆਪਨ ਵੀ ਹੋ ਸਕਦੇ ਹਨ। ਪਹਿਲਾਂ ਵਾਲਾ ਸਾਦਾ ਅਤੇ ਬਿਨਾਂ ਰੁਕਾਵਟ ਵਾਲਾ ਅਨੁਭਵ ਹੁਣ ਖ਼ਤਮ ਹੋ ਗਿਆ ਹੈ।
ਕਿਨ੍ਹਾਂ 'ਤੇ ਪਵੇਗਾ ਅਸਰ?
ਇਸ ਬਦਲਾਅ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਯੂਜ਼ਰਸ 'ਤੇ ਪਵੇਗਾ ਜੋ ਸੈਮਸੰਗ, ਸ਼ਿਓਮੀ ਜਾਂ ਹੋਰ ਗੈਰ-ਪਿਕਸਲ ਐਂਡਰਾਇਡ ਫੋਨਾਂ ਦੀ ਵਰਤੋਂ ਕਰਦੇ ਹਨ। ਗੂਗਲ ਪਿਕਸਲ (Pixel) ਯੂਜ਼ਰਸ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਫੋਨਾਂ ਵਿੱਚ ਪਹਿਲਾਂ ਹੀ ਇੱਕ ਵੱਖਰੀ 'ਪਿਕਸਲ ਵੈਦਰ ਐਪ' ਮੌਜੂਦ ਹੈ।
ਗੂਗਲ ਨੇ ਕਿਉਂ ਲਿਆ ਇਹ ਫੈਸਲਾ?
ਮਾਹਿਰਾਂ ਅਨੁਸਾਰ, ਇਹ ਗੂਗਲ ਦੀ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। ਕੰਪਨੀ ਹੌਲੀ-ਹੌਲੀ ਆਪਣੇ ਵੱਖ-ਵੱਖ ਮਿੰਨੀ ਫੀਚਰਸ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਿੱਧਾ 'ਸਰਚ' (Search) ਦੇ ਅੰਦਰ ਸ਼ਾਮਲ ਕਰ ਰਹੀ ਹੈ, ਤਾਂ ਜੋ ਪਲੇਟਫਾਰਮ ਨੂੰ ਇਕੋ ਥਾਂ ਕੇਂਦਰਿਤ ਕੀਤਾ ਜਾ ਸਕੇ। ਹਾਲਾਂਕਿ, ਕਈ ਯੂਜ਼ਰਸ ਪੁਰਾਣੇ "Froggy" ਇੰਟਰਫੇਸ ਨੂੰ ਯਾਦ ਕਰ ਰਹੇ ਹਨ।
